ਕਰਨ ਭੀਖੀ
ਭੀਖੀ, 5 ਅਗਸਤ
ਸਥਾਨਕ ਵਾਰਡ ਨੰਬਰ 7 ਦੀ ਮਸਜਿਦ ਵਿੱਚ ਸਮੂਹ ਨਗਰ ਅਤੇ ਇਲਾਕਾ ਵਾਸੀ ਮੁਸਲਿਮ ਭਾਈਚਾਰੇ ਵੱਲੋਂ ਸਰਬ ਧਰਮ ਸੰਮੇਲਨ ਕਰਵਾਇਆ ਗਿਆ। ਇਸ ਵਿੱਚ ਮੁਸਲਿਮ ਆਗੂ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਸ਼ਾਹੀ ਇਮਾਮ ਨੇ ਕਿਹਾ ਕਿ ਕੁਝ ਲੋਕ ਧਰਮ ਦੇ ਨਾਮ ’ਤੇ ਸਾਡੇ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਫਿਰਕਾਪ੍ਰਸਤੀ ਲੋਕ ਇਨਸਾਨੀਅਤ ਵਿੱਚ ਜ਼ਹਿਰ ਘੋਲ ਕੇ ਆਪਣੀ ਸੱਤਾ ਨੂੰ ਕਾਇਮ ਰੱਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਸਭ ਲੋਕ ਉਸ ਮਾਲਿਕ ਦੇ ਹੀ ਬੰਦੇ ਹਨ, ਕੋਈ ਵੀ ਊਚ-ਨੀਚ ਨਹੀਂ, ਮਾਲਿਕ ਨੇ ਸਭ ਨੂੰ ਬਰਾਬਰਤਾ ਦਾ ਹੱਕ ਦਿੱਤਾ ਹੈ, ਕਿਸੇ ਦਾ ਹੱਕ ਖਾਣਾ ਚੰਗੇ ਮਨੁੱਖ ਦੀ ਨਿਸ਼ਾਨੀ ਨਹੀਂ। ਉਨ੍ਹਾਂ ਕਿਹਾ ਕਿ ਸਭ ਧਰਮ ਇੱਕ ਹਨ, ਸਾਨੂੰ ਸਭ ਨੂੰ ਹਰ ਇੱਕ ਦਾ ਸਤਿਕਾਰ ਕਰਨਾ ਚਾਹੀਦਾ ਹੈ, ਐਸਾ ਕੋਈ ਵੀ ਧਰਮ ਨਹੀਂ ਜੋ ਲੜਨ ਲਈ ਕਹਿੰਦਾ ਹੋਵੇ। ਸ਼ਾਹੀ ਇਮਾਮ ਲੁਧਿਆਣਵੀ ਵੱਲੋਂ ਲਾਲਾ ਦੌਲਤ ਰਾਮ ਪਾਰਕ ਵਿੱਚ ਇੱਕ ਪੌਦਾ ਲਗਾਇਆ ਗਿਆ।
ਇਸ ਮੌਕੇ ਸ਼ਾਹੀ ਇਮਾਮ ਵੱਲੋਂ ਡਾ. ਸੁਲਤਾਨ ਸ਼ਾਹ ਨੂੰ ਮਜਲਿਸ ਅਹਿਰਾਰ ਇਸਲਾਮ ਹਿੰਦ ਦਾ ਜ਼ਿਲ੍ਹਾ ਪ੍ਰਧਾਨ ਅਤੇ ਫਿਰੋਜ਼ ਖਾਨ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸ ਮੌਕੇ ਸ੍ਰੋਮਣੀ ਅਕਾਲੀ ਫਤਹਿ ਦੇ ਆਗੂ ਸੁਖਚੈਨ ਸਿੰਘ ਅਤਲਾ, ਕਾਂਗਰਸੀ ਆਗੂ ਜੱਸੀ ਸਮਾਓਂ, ਹੰਸ ਰਾਜ ਮੋਫਰ, ਬਾਰੂ ਖਾਨ, ਜੱਗੀ, ਫਿਰੋਜਦੀਨ, ਮਿੱਠੂ ਖਾਂ, ਅਬਦੁਲ, ਸਰਦਾਰ ਅਲੀ, ਮੌਲਵੀ ਮਕਸੂਦ, ਕਾਮਰਾਨ ਆਦਿ ਹਾਜ਼ਰ ਸਨ।