ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਅਗਸਤ
ਵੱਖ ਵੱਖ ਥਾਵਾਂ ’ਤੇ ਹੋਏ ਲੜਾਈ ਝਗੜਿਆਂ ਅਤੇ ਕੁੱਟਮਾਰ ਦੇ ਸਿਲਸਿਲੇ ਵਿੱਚ ਪੁਲੀਸ ਵੱਲੋਂ ਦਸ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਕੂੰਮਕਲਾਂ ਦੀ ਪੁਲੀਸ ਨੂੰ ਪਿੰਡ ਕੋਟ ਗੰਗੂ ਰਾਏ ਵਾਸੀ ਗੁਰਜੋਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਖੇਤ, ਮਜ਼ਦੂਰ ਦੀ ਰੋਟੀ ਲੈ ਕੇ ਗਿਆ ਤਾਂ ਉੱਥੇ ਉਸ ਦੇ ਤਾਇਆ ਰਣਜੀਤ ਸਿੰਘ ਨੇ ਉਸ ਨਾਲ ਗਾਲੀ ਗਲੋਚ ਕੀਤੀ ਅਤੇ ਉਸ ’ਤੇ ਕਿਰਚ ਨਾਲ ਵਾਰ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਉਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਥਾਣੇਦਾਰ ਜਗਪਾਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਰਣਜੀਤ ਸਿੰਘ ਵਾਸੀ ਪਿੰਡ ਰਾਜੇਵਾਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੂੰ ਮੁਹੱਲਾ ਦੇਵ ਨਗਰ ਵਾਸੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ ਉਸ ਨੇ ਰਾਘਵ ਕਪੂਰ ਨੂੰ ਗੱਡੀ ਸਾਈਡ ’ਤੇ ਕਰਨ ਨੂੰ ਕਿਹਾ ਤਾਂ ਉਸ ਨੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਦੀ ਕੁੱਟਮਾਰ ਕੀਤੀ। ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਰਾਘਵ ਕਪੂਰ ਵਾਸੀ ਗਰੀਨ ਪਾਰਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਸੇ ਤਰ੍ਹਾਂ ਹਰੀਸ਼ ਗੁਪਤਾ ਵਾਸੀ ਬਸੰਤ ਐਵੇਨਿਊ ਨੇ ਦੱਸਿਆ ਕਿ ਜਦੋਂ ਉਹ ਆਪਣੀ ਗੱਡੀ ਘਰ ਦੇ ਅੰਦਰ ਖੜੀ ਕਰਨ ਲੱਗਾ ਤਾਂ ਪਰਦੀਪ ਸ਼ਰਮਾ, ਗੌਰਵ ਮਲਿਕ, ਰਾਜਨ ਵਿਜ ਅਤੇ ਅਮਿਤੋਜ ਸਿੰਘ ਵਾਸੀਆਨ ਬਸੰਤ ਐਵਨਿਊ ਅਤੇ 3/4 ਅਣਪਛਾਤੇ ਵਿਅਕਤੀਆਂ ਨੇ ਪੁਰਾਣੀ ਰੰਜਿਸ਼ ਕਰਕੇ ਉਸਦੀ ਗੱਡੀ ਰੋਕ ਕੇ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਗੱਡੀ ਦਾ ਅਗਲਾ ਸ਼ੀਸ਼ਾ ਬੇਸਬਾਲ ਮਾਰ ਕੇ ਤੋੜ ਦਿੱਤਾ। ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ।