ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਅਗਸਤ
ਬੁੱਢੇ ਨਾਲੇ ’ਚੋਂ ਅੱਜ ਸਵੇਰੇ ਤਿੰਨ ਚਾਰ ਦਿਨ ਦੇ ਬੱਚੇ ਦੀ ਲਾਸ਼ ਵਹਿੰਦੀ ਹੋਈ ਮਿਲੀ। ਨਾਲੇ ’ਚੋਂ ਕੂੜਾ ਚੁੱਗਣ ਵਾਲੇ ਨੌਜਵਾਨ ਨੇ ਝਾੜੀਆਂ ’ਚ ਬੱਚੇ ਦੀ ਲਾਸ਼ ਫਸੀ ਦੇਖ ਕੇ ਰੌਲਾ ਪਾਇਆ ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਦਰੇਸੀ ਦੀ ਪੁਲੀਸ ਨੇ ਘਟਨਾ ਸਥਾਨ ’ਤੇ ਪੁੱਜ ਕੇ ਜਾਂਚ ਤੋਂ ਬਾਅਦ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ। ਪੁਲੀਸ ਨੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ’ਚ ਲੈ ਲਈ ਹੈ।
ਥਾਣਾ ਦਰੇਸੀ ਦੇ ਐਸ.ਐਚ.ਓ. ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਸੋਮਵਾਰ ਦੀ ਸਵੇਰੇ ਇੱਕ ਨੌਜਵਾਨ ਨਾਲੇ ਦੇ ਕਿਨਾਰੇ ਝਾੜੀਆਂ ਦੇ ਕੋਲ ਕੂੜਾ ਚੁੱਗ ਰਿਹਾ ਸੀ। ਨਾਲੇ ’ਚ ਜਲਬੂਟੀ ਦੇ ਅੰਦਰ ਬੱਚੇ ਦੀ ਲਾਸ਼ ਦੇਖ ਉਸ ਨੇ ਰੌਲਾ ਪਾਇਆ। ਜਦੋਂ ਮੌਕੇ ’ਤੇ ਜਾ ਕੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਬੱਚੇ ਦੀ ਲਾਸ਼ ਦੇਖਣ ’ਚ ਤਿੰਨ ਤੋਂ ਚਾਰ ਦਿਨ ਪੁਰਾਣੀ ਲੱਗਦੀ ਹੈ। ਬੱਚੇ ਦੀ ਉਮਰ ਵੀ 5-6 ਦੀ ਹੋਵੇਗੀ।