ਨਿੱਜੀ ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ
ਬਰਨਾਲਾ, 5 ਅਗਸਤ
ਨਗਰ ਸੁਧਾਰ ਟਰੱਸਟ ਅਧੀਨ ਆਉਂਦੀ 25 ਏਕੜ ਵਾਲੀ ਸੜਕ ਦਾ ਕਰੀਬ 1.58 ਕਰੋੜ ਦੀ ਲਾਗਤ ਦਾ ਕੰਮ ਆਖਰੀ ਪੜਾਅ ’ਤੇ ਹੈ, ਜਿਸ ਤਹਿਤ ਸੜਕ ਦੇ ਵਿਚਕਾਰ ਵੱਡੀ ਗਿਣਤੀ ਪੌਦੇ ਲਾਏ ਜਾ ਰਹੇ ਹਨ। ਇਸ ਮੌਕੇਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੜਕ ਨੇੜੇ ਪੌਦੇ ਲਗਾਏ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਮਿੰਨੀ ਜੰਗਲ ਵੀ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਜਾਰੀ ਵਿਸ਼ੇਸ਼ ਗ੍ਰਾਂਟ ਨਾਲ ਇਸ ਸੜਕ ਦਾ ਕੰਮ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਕਰੀਬਨ 86.94 ਲੱਖ ਨਾਲ ਫੁਆਰਾ ਚੌਕ ਤੋਂ ਸਟੇਡੀਅਮ ਨੇੜੇ ਗੇਟ ਤੱਕ ਟਰੱਸਟ ਅਧੀਨ ਆਉਂਦੀ ਇਹ ਸੜਕ ਬਣਵਾਈ ਗਈ ਹੈ। ਇਸ ਤੋਂ ਇਲਾਵਾ ਬੱਸ ਸਟੈਂਡ ਤੋਂ ਵਾਲਮੀਕਿ ਚੌਕ ਅਤੇ ਵਾਲਮੀਕਿ ਚੌਕ ਤੋਂ ਸਟੇਡੀਅਮ ਤੱਕ 71.77 ਲੱਖ ਦੀ ਲਾਗਤ ਨਾਲ ਗਰਿੱਲ, ਫੁੱਟਪਾਥ ਸਮੇਤ ਹੋਰ ਕੰਮ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਬਰਨਾਲਾ ਤੋਂ ਮੋਗਾ, ਸੰਗਰੂਰ ਅਤੇ ਬਠਿੰਡਾ ਵੱਲ ਜਾਂਦੇ ਕੌਮੀ ਮਾਰਗਾਂ ਉੱਤੇ ਸ਼ਹਿਰ ਤੋਂ ਬਾਈਪਾਸ ਨਾਲ ਜੋੜਦੀਆਂ ਸੜਕਾਂ ਨੂੰ ਚੌੜਾ ਕਰਾਉਣ ਲਈ ਪਿਛਲੇ ਦਿਨੀਂ ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਮਿਲੇ ਹਨ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ ਨੇ ਕਿਹਾ ਕਿ ਪ੍ਰੇਮ ਪ੍ਰਧਾਨ ਮਾਰਕੀਟ ਦੇ ਪਿਛਲੇ ਪਾਸੇ ਟਰੱਸਟ ਦੀ ਥਾਂ ਵਿੱਚ ਜੰਗਲ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਥਾਂ ਵਿੱਚ ਕਰੀਬ 1000 ਤੋਂ 1500 ਬੂਟੇ ਲਾਏ ਜਾਣਗੇ।