ਕਾਰ ਦੀ ਟੱਕਰ ਕਾਰਨ ਸਾਈਕਲ ਸਵਾਰ ਜ਼ਖ਼ਮੀਪੱਤਰ ਪ੍ਰੇਰਕ
ਘਨੌਲੀ, 5 ਅਗਸਤ
ਇੱਥੋਂ ਨੇੜੇ ਕੌਮੀ ਮਾਰਗ 205 ’ਤੇ ਵਾਪਰੇ ਸੜਕ ਹਾਦਸੇ ਦੌਰਾਨ ਅਣਪਛਾਤਾ ਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਸੜਕ ਸੁਰੱਖਿਆ ਫੋਰਸ ਟੀਮ ਦੇ ਜਵਾਨਾਂ ਨੇ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ, ਜਿੱਥੋਂ ਉਸ ਨੂੰ ਸੈਕਟਰ-32 ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਚੌਕੀ ਇੰਚਾਰਜ ਹਰਮੇਸ਼ ਚੰਦ ਨੇ ਦੱਸਿਆ ਕਿ ਇੱਕ ਸਾਈਕਲ ਸਵਾਰ ਵਿਅਕਤੀ ਘਨੌਲੀ ਰੂਪਨਗਰ ਮਾਰਗ ’ਤੇ ਜਾ ਰਿਹਾ ਸੀ, ਜਿਸ ਨੂੰ ਪਿੱਛਿਓਂ ਆਈ ਤੇਜ਼ ਰਫ਼ਤਾਰ ਕਾਰ ਦੇ ਚਾਲਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਦੌਰਾਨ ਸਾਈਕਲ ਸਵਾਰ ਵਿਅਕਤੀ ਕਾਰ ਦੇ ਅਗਲੇ ਸ਼ੀਸ਼ੇ ਨਾਲ ਟਕਰਾ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਸਾਈਕਲ ਸਵਾਰ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ।