ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਅਗਸਤ
ਦਿੱਲੀ ਯੂਨੀਵਰਸਿਟੀ (ਡੀਯੂ) 2024-25 ਅਕਾਦਮਿਕ ਸੈਸ਼ਨ ਲਈ 71,000 ਹਜ਼ਾਰ ਸੀਟਾਂ ਲਈ ਲਈ ਹੁਣ ਤੱਕ 3,00,000 ਤੋਂ ਵੱਧ ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਹਨ। ਇਹ ਬੀਤੇ ਸਾਲ ਨਾਲੋਂ ਵੱਧ ਹਨ।
ਯੂਨੀਵਰਸਿਟੀ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਰਜਿਸਟ੍ਰੇਸ਼ਨ ਪ੍ਰਕਿਰਿਆ 7 ਅਗਸਤ ਤੱਕ ਖੁੱਲ੍ਹੀ ਰਹੇਗੀ ਅਤੇ ਸੰਖਿਆਵਾਂ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ। ਅੱਜ ਤੱਕ 3,00,000 ਤੋਂ ਵੱਧ ਉਮੀਦਵਾਰਾਂ ਨੇ ਆਪਣੇ ਕੋਰਸ ਅਤੇ ਕਾਲਜਾਂ ਬਾਰੇ ਤਰਜੀਹਾਂ ਭਰ ਕੇ ਦਾਖ਼ਲਾ ਪ੍ਰਕਿਰਿਆ ਦਾ ਦੂਜਾ ਪੜਾਅ ਪੂਰਾ ਕਰ ਲਿਆ ਹੈ। ਚੱਲ ਰਹੀ ਦਾਖਲਾ ਪ੍ਰਕਿਰਿਆ ਕਾਮਨ ਸੀਟ ਅਲੋਕੇਸ਼ਨ ਸਿਸਟਮ (ਸੀਐੱਸਏਐੱਸ) ਦੁਆਰਾ ਕਰਵਾਈ ਜਾਂਦੀ ਹੈ, ਜੋ ਕਿ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ ਅੰਡਰਗਰੈਜੂਏਟ (ਸੀਯੂਈਟੀ ਯੂਜੀ) ਅੰਕਾਂ ’ਤੇ ਅਧਾਰਤ ਹੈ। ਦਿੱਲੀ ਯੂਨੀਵਰਸਿਟੀ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ ਸੀਯੂਈਟੀ ਯੂਜੀ ਨਤੀਜੇ ਜਾਰੀ ਕਰਨ ਤੋਂ ਬਾਅਦ ਪਿਛਲੇ ਸ਼ੁੱਕਰਵਾਰ ਨੂੰ ਸੀਐੱਸਏਐੱਸ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ।
ਫੇਜ਼ II ਦੇ ਸ਼ੁਰੂ ਹੋਣ ਦੇ ਬਾਵਜੂਦ, ਫੇਜ਼ I ਦੀ ਰਜਿਸਟ੍ਰੇਸ਼ਨ ਅਜੇ ਵੀ ਖੁੱਲ੍ਹੀ ਹੈ ਜਿਸ ਨਾਲ ਉਮੀਦਵਾਰ 7 ਅਗਸਤ ਤੱਕ ਅਪਲਾਈ ਕਰ ਸਕਦੇ ਹਨ। ਦੋਵੇਂ ਪੜਾਅ ਪੂਰੇ ਹੋਣ ਤੋਂ ਬਾਅਦ, 11 ਅਗਸਤ ਨੂੰ ਇੱਕ ‘ਸਿਮੂਲੇਟਿਡ ਰੈਂਕ’ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ, ਜਿਸ ਦੀ ਪਹਿਲੀ ਮੈਰਿਟ ਸੂਚੀ 16 ਅਗਸਤ ਨੂੰ ਹੋਣ ਦੀ ਸੰਭਾਵਨਾ ਹੈ। ਸੀਯੂਈਟੀ ਯੂਜੀ ਦੇ ਨਤੀਜਿਆਂ ਵਿੱਚ ਦੇਰੀ ਹੋਣ ਕਰਕੇ ਇਸ ਵਾਰ ਦਿੱਲੀ ਯੂਨੀਵਰਸਿਟੀ ਦੇ ਦਾਖ਼ਲੇ ਕੁਝ ਦੇਰ ਨਾਲ ਸੁਰੂ ਹੋਏ ਹਨ।