ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਅਗਸਤ
ਭਾਜਪਾ ਵਿਧਾਇਕ ਵਜਿੰਦਰ ਗੁਪਤਾ ਨੂੰ ਦਿੱਲੀ ਭਾਜਪਾ ਵਿਧਾਇਕ ਦਲ ਦਾ ਮੁਖੀ ਬਣਾਇਆ ਗਿਆ ਹੈ। ਉਨ੍ਹਾਂ ਨੂੰ ਰਾਮਬੀਰ ਸਿੰਘ ਬਿਧੂੜੀ ਵੱਲੋਂ ਵਿਧਾਇਕੀ ਤੋਂ ਅਸਤੀਫਾ ਦੇਣ ਮਗਰੋਂ ਇਹ ਅਹੁਦਾ ਦਿੱਤਾ ਗਿਆ ਹੈ ਕਿਉਂਕਿ ਬਿਧੂੜੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਟਿਕਟ ਤੋਂ ਜਿੱਤ ਗਏ ਸਨ। ਵਿਧਾਇਕ ਦਲ ਦੀ ਮੀਟਿੰਗ ਪਾਰਟੀ ਦੇ ਸਹਿ-ਇੰਚਾਰਜ ਡਾ. ਅਲਕਾ ਗੁਜਰ, ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਸੰਗਠਨ ਜਨਰਲ ਸਕੱਤਰ ਪਵਨ ਰਾਣਾ ਦੀ ਮੌਜੂਦਗੀ ਵਿੱਚ ਹੋਈ ਜਿਸ ਵਿੱਚ ਪਾਰਟੀ ਦੇ ਸਾਰੇ 7 ਵਿਧਾਇਕਾਂ ਨਾਲ ਸੂਬਾ ਪਾਰਟੀ ਦਫ਼ਤਰ ਵਿੱਚ ਹਾਜ਼ਰੀ ਭਰੀ। ਮੀਟਿੰਗ ਵਿੱਚ ਵਿਧਾਇਕ ਅਜੇ ਮਹਾਵਰ ਨੇ ਸ੍ਰੀ ਗੁਪਤਾ ਦਾ ਨਾਂ ਪਾਰਟੀ ਦੇ ਨੇਤਾ ਦੇ ਰੂਪ ਵਿੱਚ ਪੇਸ਼ ਕੀਤਾ।
ਸ੍ਰੀ ਗੁਪਤਾ ਦੂਜੀ ਵਾਰ ਇਹ ਜ਼ਿੰਮੇਵਾਰੀ ਸਾਂਭਣਗੇ। ਵਿਧਾਇਕ ਮੋਹਨ ਸਿੰਘ ਬਿਸ਼ਟ, ਓਪੀ ਸ਼ਰਮਾ, ਅਨਿਲ ਵਾਜਪਾਈ, ਅਭੈ ਵਰਮਾ ਅਤੇ ਜਤਿੰਦਰ ਮਹਾਜਨ ਨੇ ਮਤੇ ਦਾ ਸਮਰਥਨ ਕੀਤਾ ਤੇ ਵਜਿੰਦਰ ਗੁਪਤਾ ਨੂੰ ਸਰਬਸੰਮਤੀ ਨਾਲ ਪਾਰਟੀ ਨੇਤਾ ਚੁਣਿਆ ਗਿਆ। ਇਸ ਤੋਂ ਬਾਅਦ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਐਲਾਨ ਕੀਤਾ ਕਿ ਸ੍ਰੀ ਗੁਪਤਾ ਹੁਣ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹੋਣਗੇ। ਇਸ ਤੋਂ ਪਹਿਲਾਂ ਰਾਮਬੀਰ ਸਿੰਘ ਬਿਧੂੜੀ ਦਿੱਲੀ ਵਿਧਾਨ ਸਭਾ ਵਿੱਚ ਇਸ ਅਹੁਦੇ ਉਪਰ ਸਨ ਪਰ ਉਹ ਲੋਕ ਸਭਾ ਲਈ ਚੁਣੇ ਜਾਣ ਕਰਕੇ ਇਹ ਅਹੁਦਾ ਖਾਲੀ ਹੋ ਗਿਆ ਸੀ।