ਪੱਤਰ ਪ੍ਰੇਰਕ
ਬਨੂੜ, 5 ਅਗਸਤ
‘ਆਪ ਦੀ ਸਰਕਾਰ-ਆਪ ਦੇ ਦੁਆਰ’ ਮੁਹਿੰਮ ਅਧੀਨ ਅੱਜ ਪਿੰਡ ਕਾਲੋਮਾਜਰਾ ਵਿੱਚ ਲਗਾਏ ਜਨ ਸੁਵਿਧਾ ਕੈਂਪ ਮੌਕੇ ਪਿੰਡ ਕਾਲੋਮਾਜਰਾ, ਰਾਮਨਗਰ, ਜਾਂਸਲਾ, ਜਾਂਸਲੀ ਤੇ ਜਲਾਲਪੁਰ ਦੇ ਵਸਨੀਕਾਂ ਨੇ ਸਰਕਾਰੀ ਸਕੀਮਾਂ ਦਾ ਲਾਭ ਲਿਆ। ਪਟਿਆਲਾ ਦੀ ਏਡੀਸੀ (ਜ) ਕੰਚਨ ਅਤੇ ਰਾਜਪੁਰਾ ਦੇ ਐੱਸਡੀਐੱਮ ਰਵਿੰਦਰ ਸਿੰਘ ਨੇ ਕੈਂਪ ਦਾ ਜਾਇਜ਼ਾ ਲਿਆ। ਇਸ ਮੌਕੇ ਯੂਥ ਆਗੂ ਲਵਿਸ਼ ਮਿੱਤਲ, ਸਿਵਲ ਸਰਜਨ ਡਾ. ਸੰਜੇ ਗੋਇਲ, ਤਹਿਸੀਲਦਾਰ ਜਸਪ੍ਰੀਤ ਸਿੰਘ, ਬੀਡੀਪੀਓ ਬਨਦੀਪ ਸਿੰਘ, ਸੀਡੀਪੀਓ ਕੋਮਲਪ੍ਰੀਤ ਕੌਰ, ਐੱਸਐੱਮਓ ਡਾ ਨਵਦੀਪ ਕੌਰ ਤੇ ਹੋਰ ਅਧਿਕਾਰੀ ਮੌਜੂਦ ਸਨ। ਏਡੀਸੀ ਮੈਡਮ ਕੰਚਨ ਨੇ ਲੋਕਾਂ ਨਾਲ ਗੱਲਬਾਤ ਕਰ ਕੇ ਕੈਂਪ ਬਾਰੇ ਫੀਡਬੈਕ ਹਾਸਲ ਕੀਤੀ। ਉਨ੍ਹਾਂ ਨੇ ਇਸ ਮੌਕੇ ਵੱਖ-ਵੱਖ ਪੈਨਸ਼ਨਾਂ ਦੇ ਲਾਭਪਾਤਰੀਆਂ ਨੂੰ ਪੈਨਸ਼ਨ ਦੇ ਦਸਤਾਵੇਜ਼ ਵੀ ਸੌਂਪੇ।
ਇਸ ਕੈਂਪ ਵਿੱਚ ਰਾਸ਼ਨ ਕਾਰਡ ਨਾਲ ਸਬੰਧਤ ਅਰਜ਼ੀਆਂ, ਜਨਮ ਤੇ ਮੌਤ ਸਰਟੀਫਿਕੇਟ, ਆਧਾਰ ਕਾਰਡ ਅਪਡੇਸ਼ਨ, ਕਿਰਤ ਵਿਭਾਗ ਦੀ ਲਾਲ ਕਾਪੀ, ਮਾਲ ਵਿਭਾਗ ਦੇ ਕੰਮ ਸਣੇ ਸਿਹਤ ਵਿਭਾਗ ਦੀ ਟੀਮ ਵੱਲੋਂ ਸਿਹਤ ਜਾਂਚ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਡੀਡੀਐਫ ਨਿਧੀ ਮਲਹੋਤਰਾ, ਬਲਾਕ ਪ੍ਰਧਾਨ ਸਤਨਾਮ ਸਿੰਘ ਜਲਾਲਪੁਰ, ਸੰਦੀਪ ਸਿੰਘ ਕਾਲੋਮਾਜਰਾ ਤੇ ਕੁਲਵਿੰਦਰ ਸਿੰਘ ਹਾਜ਼ਰ ਸਨ।