ਸਰਬਜੀਤ ਸਿੰਘ ਭੱਟੀ
ਲਾਲੜੂ, 5 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ ਦੀ ਅਗਵਾਈ ਹੇਠ ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਬਿਜਲੀ ਦੀ ਖਸਤਾ ਹਾਲ ਸਪਲਾਈ ਦੇ ਰੋਸ ਵਜੋਂ ਐਕਸੀਅਨ, ਪਾਵਰਕੌਮ ਮੰਡਲ ਲਾਲੜੂ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ।
ਕਿਸਾਨ ਆਗੂਆਂ ਨੇ ਦੱਸਿਆ ਕਿ ਜੌਲਾ ਖ਼ੁਰਦ ਬਿਜਲੀ ਗਰਿੱਡ ਤੋਂ ਜਿਹੜੇ ਪਿੰਡਾਂ ਨੂੰ ਬਿਜਲੀ ਸਪਲਾਈ ਹੁੰਦੀ ਹੈ, ਉਨ੍ਹਾਂ ਨੂੰ ਪਿਛਲੇ ਇਕ ਮਹੀਨੇ ਤੋਂ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਨਾ ਆਉਣ ਕਾਰਨ ਲੋਕ ਗਰਮੀ ਨਾਲ ਜੂਝ ਰਹੇ ਹਨ ਤੇ ਪੀਣ ਵਾਲੇ ਪਾਣੀ ਦੀ ਵੀ ਕਿੱਲਤ ਹੋ ਰਹੀ ਹੈ।
ਇਸ ਮੌਕੇ ਬੀਕੇਯੂ ਉਗਰਾਹਾਂ ਜਥੇਬੰਦੀ ਵੱਲੋਂ ਇੱਥੇ ਐਕਸੀਅਨ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਤੇ ਪੰਜਾਬ ਸਰਕਾਰ ਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬਾਅਦ ਵਿੱਚ ਐਕਸੀਅਨ ਲਾਲੜੂ ਨੇ ਲਿਖਤੀ ਭਰੋਸਾ ਦਿਵਾਇਆ ਕਿ ਅੱਗੇ ਤੋਂ ਕਦੇ ਵੀ ਲੋਕਾਂ ਨੂੰ ਬਿਜਲੀ ਸਬੰਧੀ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ਜਥੇਬੰਦੀ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਧਰਨੇ ਵਿੱਚ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ, ਗੁਰਭਜਨ ਸਿੰਘ ਧਰਮਗੜ੍ਹ, ਕਰਨੈਲ ਸਿੰਘ, ਸਤਵਿੰਦਰ ਸਿੰਘ ਬਲਟਾਣਾ, ਨਿਰਮਲ ਸਿੰਘ, ਦਲਵੀਰ ਸਿੰਘ, ਹਰਜੀਤ ਸਿੰਘ ਬੜਾਣਾ, ਭੁਪਿੰਦਰ ਸਿੰਘ, ਦੇਵ ਸਿੰਘ, ਸਰਪੰਚ ਵਿਨੋਦ ਕੁਮਾਰ, ਧਰਵਿੰਦਰ ਸਿੰਘ, ਸ਼ੀਸ਼ ਰਾਮ ਨੰਬਰਦਾਰ, ਸੰਜੀਵ ਕੁਮਾਰ, ਅਮਨਪ੍ਰੀਤ ਸਿੰਘ ਹੰਡੇਸਰਾ, ਦਵਿੰਦਰ ਸਿੰਘ, ਜੈ ਸਿੰਘ, ਗੁਰਵਿੰਦਰ ਸਿੰਘ ਖਜੂਰ ਮੰਡੀ, ਤੇਜਿੰਦਰ ਸਿੰਘ ਆਲਮਗੀਰ, ਜਗਦੀਸ਼ ਸਿੰਘ ਹਸਨਪੁਰ, ਮਲਕੀਤ ਸਿੰਘ, ਦਰਸ਼ਨ ਸਿੰਘ, ਹਰਮਨ ਸਿੰਘ, ਸਿਕੰਦਰ ਸਿੰਘ ਤੇ ਵੱਖ ਵੱਖ ਪਿੰਡਾਂ ਤੋਂ ਕਿਸਾਨ ਹਾਜ਼ਰ ਸਨ।