ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 5 ਅਗਸਤ
ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਤਕਨਾਲੋਜੀ ਫੇਜ਼-2 ਦੇ ਐਨਸੀਸੀ ਅਤੇ ਐਨਐੱਸਐੱਸ ਵਿੰਗ ਵੱਲੋਂ ਵਾਤਾਵਰਨ ਨੂੰ ਸਮਰਪਿਤ ਪੌਦੇ ਲਗਾਉਣ ਲਈ ਹਫ਼ਤਾਵਾਰੀ ਜਾਗਰੂਕਤਾ ਮੁਹਿੰਮ ਵਿੱਢੀ ਗਈ। ਇਸ ਮੌਕੇ ਦੋਵਾਂ ਵਿੰਗਾਂ ਦੇ ਵਿਦਿਆਰਥੀਆਂ ਇੰਸਟੀਚਿਊਟ ਕੈਂਪਸ ਅਤੇ ਆਸਪਾਸ ਦੇ ਇਲਾਕੇ ਵਿੱਚ ਬੂਟੇ ਲਗਾਏ ਗਏ। ਇਸ ਦੇ ਨਾਲ-ਨਾਲ ਵਾਲੰਟੀਅਰਾਂ ਨੇ ਪੰਛੀਆਂ ਦੇ ਆਲ੍ਹਣੇ ਅਤੇ ਪੰਛੀਆਂ ਦੇ ਫੀਡਰ ਵੀ ਲਗਾਏ।
ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇਐੱਸ ਬੇਦੀ ਨੇ ਐਨਸੀਸੀ ਅਤੇ ਐਨਐੱਸਐੱਸ ਵਿੰਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਵਾਤਾਵਰਨ ਦੀ ਸੰਭਾਲ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਵਿਦਿਆਰਥੀਆਂ ਸਣੇ ਆਮ ਨਾਗਰਿਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਵਾਤਾਵਰਨ ਦੇ ਵਿਗੜ ਰਹੇ ਸੰਤੁਲਨ ਦੀ ਸੰਭਾਲ ਕੀਤੀ ਜਾ ਸਕੇ। ਸੰਸਥਾ ਦੀ ਡਾਇਰੈਕਟਰ ਡਾ. ਅਨੀਤ ਬੇਦੀ ਨੇ ਕਿਹਾ ਕਿ ਜੇ ਸਮਾਂ ਰਹਿੰਦਿਆਂ ਵਾਤਾਵਰਨ ਦੀ ਸੰਭਾਲ ਨਾ ਕੀਤੀ ਗਈ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੇ ਬੁਰੇ ਨਤੀਜੇ ਭੁਗਤਣੇ ਪੈਣਗੇ।