ਪਰਸ਼ੋਤਮ ਬੱਲੀ
ਬਰਨਾਲਾ, 6 ਅਗਸਤ
ਅੱਜ ਇੱਥੇ ਦਾਣਾ ਮੰਡੀ ਵਿਖੇ ਇਨਕਲਾਬੀ ਜਥੇਬੰਦੀ ਲੋਕ ਮੋਰਚਾ ਪੰਜਾਬ ਵੱਲੋਂ ਨਵੇਂ ਲਾਗੂ ਫ਼ੌਜਦਾਰੀ ਕਾਨੂੰਨਾਂ ਸਮੇਤ ਹੋਰ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਸੂਬਾਈ ਕਨਵੈਨਸ਼ਨ ਕੀਤੀ ਗਈ ਅਤੇ ਇਸ ਉਪਰੰਤ ਸ਼ਹਿਰ ਵਿਚ ਮਾਰਚ ਵੀ ਕੱਢਿਆ ਗਿਆ। ਕਨਵੈਨਸ਼ਨ ਦੌਰਾਨ ਕਾਲੇ ਕਾਨੂੰਨਾਂ ਦੇ ਪਿਛੋਕੜ, ਸੰਦਰਭ ਅਤੇ ਇਹਨਾਂ ਦੇ ਲੋਕ ਲਹਿਰਾਂ ਲਈ ਮਾਰੂ ਅਸਰਾਂ ‘ਤੇ ਚਰਚਾ ਕੀਤੀ ਗਈ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਵੇਂ ਫ਼ੌਜਦਾਰੀ ਕਾਨੂੰਨ ਪਹਿਲੇ ਕਾਲ਼ੇ ਕਾਨੂੰਨਾਂ ਵਾਂਗ ਹੀ ਲੋਕ ਲਹਿਰਾਂ ਨੂੰ ਹੋਰ ਸਖ਼ਤੀ ਨਾਲ ਨਜਿੱਠਣ ਅਤੇ ਹਰ ਵਿਰੋਧੀ ਆਵਾਜ਼ ਨੂੰ ਦਬਾਉਣ ਦੇ ਮੰਤਵ ਨਾਲ ਥੋਪਿਆ ਗਿਆ ਹੈ।