ਬਰਤਾਨੀਆ ਵਿੱਚ ਚੱਲ ਰਹੀ ਧੁਰ ਸੱਜੇ ਪੱਖੀ ਹਿੰਸਾ ਤਹਿਤ ਜਿਵੇਂ ਪਰਵਾਸੀਆਂ ਅਤੇ ਖ਼ਾਸਕਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਹ ਉਸ ਸਮਾਜ ਅੰਦਰ ਵਹਿ ਰਹੀਆਂ ਨਸਲਪ੍ਰਸਤ ਅਤੇ ਕੁਪ੍ਰਚਾਰ ਦੀਆਂ ਧਾਰਾਵਾਂ ਵੱਲ ਧਿਆਨ ਖਿੱਚਣ ਵਾਲਾ ਬਹੁਤ ਹੀ ਪ੍ਰੇਸ਼ਾਨਕੁਨ ਵਰਤਾਰਾ ਹੈ। ਕੁਝ ਦਿਨ ਪਹਿਲਾਂ ਤਿੰਨ ਕੁੜੀਆਂ ’ਤੇ ਚਾਕੂ ਨਾਲ ਹਮਲਾ ਹੋਇਆ ਸੀ ਜਿਸ ਦਾ ਲਾਹਾ ਉਠਾਉਂਦਿਆਂ ਧੁਰ ਸੱਜੇ ਪੱਖੀ ਪ੍ਰਦਰਸ਼ਨਕਾਰੀਆਂ ਨੇ ਆਪਣੀ ਨਫ਼ਰਤ ਅਤੇ ਅਫਰਾ-ਤਫ਼ਰੀ ਦੀ ਭੱਠੀ ਮਘਾ ਦਿੱਤੀ। ਇਹ ਮਹਿਜ਼ ਰੋਸ ਪ੍ਰਦਰਸ਼ਨ ਨਹੀਂ ਸਨ ਸਗੋਂ ਇਸ ਦੌਰਾਨ ਦੁਕਾਨਾਂ ਲੁੱਟਣ, ਕਾਰਾਂ ਨੂੰ ਅੱਗ ਲਾਉਣ ਅਤੇ ਏਸ਼ਿਆਈ ਮੂਲ ਦੇ ਲੋਕਾਂ ਦੇ ਕਾਰੋਬਾਰਾਂ ਤੇ ਮਸਜਿਦਾਂ ਦੀ ਭੰਨਤੋੜ ਦੀਆਂ ਘਟਨਾਵਾਂ ਦਾ ਚੱਕਰ ਵਿੱਢ ਦਿੱਤਾ ਗਿਆ। ਪਰਵਾਸੀਆਂ ਪ੍ਰਤੀ ਧੁਰ ਸੱਜੇ ਪੱਖੀਆਂ ਦੀ ਨਫ਼ਰਤ ਕਿਸੇ ਇੱਕਾ-ਦੁੱਕਾ ਘਟਨਾ ਤਕ ਮਹਿਦੂਦ ਨਹੀਂ ਹੈ ਸਗੋਂ ਇਹ ਵਡੇਰੇ ਰੂਪ ਵਿੱਚ ਉਨ੍ਹਾਂ ਦੀ ਸਮਾਜਿਕ ਬੇਚੈਨੀ ਅਤੇ ਸਿਆਸੀ ਨਾਕਾਮੀਆਂ ਦੀ ਅਕਾਸੀ ਹੈ। ਟੌਮੀ ਰੌਬਿਨਸਨ ਜਿਹੇ ਸੋਸ਼ਲ ਮੀਡੀਆ ਕਰਮੀਆਂ ਅਤੇ ਨਾਈਜਲ ਫਰਾਜ਼ ਜਿਹੇ ਸਿਆਸਤਦਾਨਾਂ ਵੱਲੋਂ ਪਰਵਾਸੀਆਂ ਅਤੇ ਸੱਭਿਆਚਾਰਕ ਏਕੀਕਰਨ ਪ੍ਰਤੀ ਕਈ ਮਨਘੜਤ ਵਿਸ਼ਵਾਸ ਫੈਲਾ ਰਹੇ ਹਨ। ਉਹ ਇਸ ਤਰ੍ਹਾਂ ਦਾ ਕੂੜ ਪ੍ਰਚਾਰ ਫੈਲਾਉਂਦੇ ਆ ਰਹੇ ਹਨ ਕਿ ਹਮਲਾਵਰ ਕੋਈ ਮੁਸਲਿਮ ਸੀ ਤਾਂ ਕਿ ਆਪਣੇ ਵੰਡਪਾਊ ਏਜੰਡੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸਹੀ ਕਦਮ ਪੁੱਟਦਿਆਂ ਇਨ੍ਹਾਂ ਦੰਗਿਆਂ ਨੂੰ ‘ਬੱਝਵੀਂ ਗ਼ੈਰ-ਕਾਨੂੰਨੀ ਬਦਮਾਸ਼ੀ’ ਕਰਾਰ ਦਿੱਤਾ ਹੈ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਇਸ ਹਿੰਸਾ ਨਾਲ ਕਰਾਰੇ ਹੱਥੀਂ ਨਜਿੱਠੇਗੀ। ਹਾਲਾਂਕਿ ਹਿੰਸਾ ਦੇ ਇੱਕ ਹਫ਼ਤੇ ਦੇ ਅੰਦਰ-ਅੰਦਰ ਕਰੀਬ 400 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਕਾਰ ਝੜਪਾਂ ਚੱਲ ਰਹੀਆਂ ਹਨ ਤਾਂ ਵੀ ਆਨਲਾਈਨ ਕੂੜ ਪ੍ਰਚਾਰ ਨੂੰ ਠੱਲ੍ਹ ਪਾਉਣ ਲਈ ਹੋਰ ਠੋਸ ਕਦਮ ਚੁੱਕਣ ਦੀ ਲੋੜ ਹੈ ਕਿਉਂਕਿ ਇਸੇ ਹਥਿਆਰ ਦੇ ਜ਼ਰੀਏ ਸੱਜੇ ਪੱਖੀ ਤਾਕਤਾਂ ਹਿੰਸਾ ਫੈਲਾ ਰਹੀਆਂ ਹਨ। ਸਰਕਾਰ ਨੂੰ ਬੇਰੁਜ਼ਗਾਰੀ ਅਤੇ ਨਾਕਾਫ਼ੀ ਸਮਾਜਿਕ ਸੇਵਾਵਾਂ ਜਿਹੇ ਸਤਹਿ ਹੇਠਲੇ ਸਮਾਜਿਕ-ਆਰਥਿਕ ਮੁੱਦਿਆਂ ਨੂੰ ਵੀ ਮੁਖ਼ਾਤਿਬ ਹੋਣ ਦੀ ਲੋੜ ਹੈ ਜਿਨ੍ਹਾਂ ਦਾ ਇਹ ਧੁਰ ਸੱਜੇ ਪੱਖੀ ਲਾਹਾ ਲੈ ਰਹੇ ਹਨ ਅਤੇ ਅਕਸਰ ਪਰਵਾਸੀਆਂ ਖਿ਼ਲਾਫ਼ ਨਫ਼ਰਤ ਪੈਦਾ ਕਰਨ ਦਾ ਬਹਾਨਾ ਬਣਾਉਂਦੇ ਰਹਿੰਦੇ ਹਨ।
ਡਰ ਦੇ ਅਜਿਹੇ ਮਾਹੌਲ ਅੰਦਰ ਇਹ ਸਹਿਣਸ਼ੀਲਤਾ ਅਤੇ ਇੱਕਜੁੱਟਤਾ ਦੀਆਂ ਕਦਰਾਂ-ਕੀਮਤਾਂ ਦਾ ਪੱਲਾ ਫੜੀ ਰੱਖਣਾ ਬਹੁਤ ਜ਼ਰੂਰੀ ਹੈ। ਬਰਤਾਨੀਆ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ ਆਪਣੇ ਸਾਰੇ ਬਾਸ਼ਿੰਦਿਆਂ ਦੀ ਸੁਰੱਖਿਆ ਅਤੇ ਭਲਾਈ ਯਕੀਨੀ ਬਣਾਉਣ ਅਤੇ ਇਸ ਦੇ ਨਾਲ ਹੀ ਇਸ ਕਿਸਮ ਦੀ ਨਸਲਪ੍ਰਸਤ ਹਿੰਸਾ ਨੂੰ ਜੜੋਂ ਪੁੱਟਣ ਦੀ ਲੋੜ ਹੈ। ਮੀਡੀਆ ਅਤੇ ਸਿਆਸੀ ਆਗੂਆਂ ਨੂੰ ਜਿ਼ੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਕਿਸੇ ਵੀ ਕਿਸਮ ਦੀ ਭੜਕਾਊ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਬਰਤਾਨੀਆ ਵਿੱਚ ਰਹਿ ਰਹੇ ਪਰਵਾਸੀ ਭਾਈਚਾਰਿਆਂ ਨੂੰ ਇਸ ਸਮੇਂ ਚੌਕਸ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਕਿਸਮ ਦੇ ਟਕਰਾਅ ਤੋਂ ਬਚਣਾ ਚਾਹੀਦਾ ਹੈ। ਪਿਛਲੇ ਕੁਝ ਸਾਲਾਂ ਤੋਂ ਸੰਸਾਰ ਦੇ ਵੱਖ-ਵੱਖ ਮੁਲਕਾਂ ਵਿੱਚ ਸੱਜੇ ਪੱਖੀਆਂ ਦੀ ਚੜ੍ਹਤ ਦੇਖਣ ਨੂੰ ਮਿਲ ਰਹੀ ਹੈ ਅਤੇ ਇਹ ਸੱਜੇ ਪੱਖੀ ਆਗੂ ਅਜਿਹੀਆਂ ਨੀਤੀਆਂ ਲੈ ਕੇ ਆ ਰਹੇ ਹਨ ਜਿਨ੍ਹਾਂ ਨਾਲ ਅਵਾਮ ਅੰਦਰ ਪਾੜਾ ਵਧਦਾ ਹੈ। ਇਉਂ ਇਹ ਆਗੂ ਆਪਣੀ ਚੜ੍ਹਤ ਖ਼ਾਤਿਰ ਲੋਕਾਂ ਨੂੰ ਸਿਆਸਤ ਦਾ ਖਾਜਾ ਬਣਾਉਣ ਦੀਆਂ ਕੋਸਿ਼ਸ਼ਾਂ ਕਰਦੇ ਹਨ। ਇਸ ਲਈ ਅਜਿਹੇ ਟਕਰਾਅ ਰੋਕਣੇ ਇਸ ਵਕਤ ਦੀ ਸਭ ਤੋਂ ਵੱਡੀ ਜ਼ਰੂਰਤ ਅਤੇ ਜਿ਼ੰਮੇਵਾਰੀ ਹੈ।