ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 6 ਅਗਸਤ
ਇਤਿਹਾਸਕ ਰਾਮ ਬਾਗ (ਕੰਪਨੀ ਬਾਗ) ਦੀ ਨੁਹਾਰ ਬਦਲਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਨਗਰ ਨਿਗਮ ਦੇ ਸੈਨੀਟੇਸ਼ਨ, ਸਿਵਲ ਅਤੇ ਬਾਗਬਾਨੀ ਵਿਭਾਗ ਦੀਆਂ ਟੀਮਾਂ ਨੇ ਭਾਗ ਲਿਆ। ਨਿਗਮ ਦੇ ਸਫ਼ਾਈ ਕਰਮਚਾਰੀਆਂ ਨੇ ਕੰਪਨੀ ਬਾਗ ਦੀਆਂ ਸਾਰੀਆਂ ਸੜਕਾਂ ਦੀ ਸਫ਼ਾਈ ਕੀਤੀ। ਸੜਕ ਦੇ ਕਿਨਾਰਿਆਂ ’ਤੇ ਕਰਵ ਚੈਨਲਾਂ ਨੂੰ ਪੇਂਟ ਕੀਤਾ ਗਿਆ ਅਤੇ ਦਰੱਖਤਾਂ ’ਤੇ ਸਫੇਦ ਰੰਗ ਕੀਤਾ। ਸੈਨੀਟੇਸ਼ਨ ਅਤੇ ਸਿਵਲ ਸਟਾਫ ਨੇ ਬਾਗ ਦੇ ਕੋਨਿਆਂ ਤੋਂ ਸਾਰਾ ਮਲਬਾ ਅਤੇ ਕੂੜਾ ਸਾਫ਼ ਕੀਤਾ। ਇਸੇ ਦੌਰਾਨ ਸਵੇਰ ਦੀ ਸੈਰ ’ਤੇ ਆਏ ਲੋਕਾਂ ਨੇ ਨਿਗਮ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਸਫਾਈ ਮੁਹਿੰਮ ਲਈ ਧੰਨਵਾਦ ਕੀਤਾ। ਇਸ ਮੌਕੇ ਐੱਸਈ ਸੰਦੀਪ ਸਿੰਘ, ਐੱਮਓਐੱਚ ਡਾ. ਯੋਗੇਸ਼ ਅਰੋੜਾ, ਐਕਸੀਅਨ ਐੱਸਪੀ ਸਿੰਘ, ਚੀਫ ਸੈਨੇਟਰੀ ਇੰਸਪੈਕਟਰ ਮਲਕੀਅਤ ਸਿੰਘ, ਜੇਈ ਰਮਨ ਕੁਮਾਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਜਾਰੀ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਕੰਪਨੀ ਬਾਗ ਅੰਮ੍ਰਿਤਸਰ ਸ਼ਹਿਰ ਇੱਕ ਵਿਰਾਸਤੀ ਜਾਇਦਾਦ ਹੈ, ਜਿਥੇ ਸਮਾਜ ਦੇ ਸਾਰੇ ਵਰਗ ਸਵੇਰ ਅਤੇ ਸ਼ਾਮ ਦੀ ਸੈਰ ਦਾ ਆਨੰਦ ਮਾਣਦੇ ਹਨ ਅਤੇ ਵੱਡੀ ਗਿਣਤੀ ’ਚ ਸੈਲਾਨੀ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ, ਸਮਰ ਪੈਲੇਸ ਮਿਊਜ਼ੀਅਮ ਤੇ ਹੋਰ ਥਾਵਾਂ ਦੇਖਣ ਆਉਂਦੇ ਹਨ। ਉਨ੍ਹਾਂ ਕਿਹਾ ਕਿ ਬਗੀਚੇ ਵਿੱਚ ਸਫ਼ਾਈ ਅਤੇ ਕੂੜਾ ਰਹਿਤ ਮਾਹੌਲ ਬਣਾਈ ਰੱਖਣਾ ਨਗਰ ਨਿਗਮ ਅੰਮ੍ਰਿਤਸਰ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਉਹ ਕੰਪਨੀ ਬਾਗ ਦੇ ਨਾਲ-ਨਾਲ ਸ਼ਹਿਰ ਦੇ ਹੋਰ ਪਾਰਕਾਂ ਅਤੇ ਖੇਤਰਾਂ ਦਾ ਨਿਯਮਤ ਤੌਰ ’ਤੇ ਦੌਰਾ ਕਰਨਗੇ ਤਾਂ ਜੋ ਸਫਾਈ ਅਤੇ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਹੋਰ ਮੁੱਦਿਆਂ ਦੀ ਜਾਂਚ ਕੀਤੀ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਪਾਰਕਾਂ ਅਤੇ ਜਨਤਕ ਥਾਵਾਂ ਨੂੰ ਹਰਿਆ-ਭਰਿਆ ਰੱਖਣ ਅਤੇ ਕੂੜਾ-ਕਰਕਟ ਮੁਕਤ ਰੱਖਣ ਅਤੇ ਪੈਦਲ ਚੱਲਣ ਵਾਲੇ ਰੂਟ ’ਤੇ ਸਟਰੀਟ ਲਾਈਟਾਂ ਲਗਾਈਆਂ ਜਾਣ। ਉਨ੍ਹਾਂ ਸਿਹਤ ਵਿਭਾਗ ਦੇ ਮੈਡੀਕਲ ਅਫ਼ਸਰ ਨੂੰ ਹਦਾਇਤ ਕੀਤੀ ਕਿ ਰਾਮ ਬਾਗ ਵਿੱਚ ਕੂੜਾ-ਕਰਕਟ ਅਤੇ ਪਲਾਸਟਿਕ ਸੁੱਟਣ ਵਾਲਿਆਂ ਦੇ ਚਲਾਨ ਕੱਟੇ ਜਾਣ ਅਤੇ ਇਹ ਕਾਰਵਾਈ ਜਾਰੀ ਰੱਖੀ ਜਾਵੇ।