ਪੱਤਰ ਪ੍ਰੇਰਕ
ਜਲੰਧਰ, 6 ਅਗਸਤ
ਬਿਜਲੀ ਦੀ ਮੁਰੰਮਤ ਕਰ ਰਹੇ ਵਿਅਕਤੀ ਦੀ ਕਰੰਟ ਲੱਗਣ ਕਾਰਨ ਹੋਈ ਮੌਤ ਦੇ ਵਿਰੋਧ ਵਿਚ ਪੀਐੱਸਪੀਸੀਐੱਲ ਦੇ ਕੱਚੇ ਮੁਲਾਜ਼ਮਾਂ ਨੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ, ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਕੱਚੇ ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਕਿਸੇ ਵੀ ਤਰੀਕੇ ਦੀਆਂ ਜ਼ਰੂਰੀ ਕਿੱਟਾਂ ਨਹੀਂ ਦਿੱਤੀਆਂ ਜਾਂਦੀਆਂ ਅਤੇ ਨਾ ਹੀ ਸੁਰੱਖਿਆ ਦਾ ਧਿਆਨ ਰੱਖਿਆ ਜਾਂਦਾ ਹੈ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਇਹ ਜਲੰਧਰ ਦੇ ਵਿੱਚ ਲਗਾਤਾਰ ਤੀਸਰੀ ਮੌਤ ਹੈ, ਜਿਸ ਤੋਂ ਬਾਅਦ ਅੱਜ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਪਰਿਵਾਰ ਦੇ ਨਾਲ ਇਹ ਹਾਦਸਾ ਹੋਇਆ ਹੈ, ਉਹ ਪਰਿਵਾਰ ਨੂੰ ਪੀਐੱਸਪੀਸੀਐਲ ਜਲਦ ਤੋਂ ਜਲਦ ਮੁਆਵਜ਼ਾ ਦੇਵੇ। ਮ੍ਰਿਤਕ ਦੀ ਪਛਾਣ ਸੰਨੀ ਵਾਸੀ ਸ਼ਿਵ ਨਗਰ, ਜਲੰਧਰ ਵਜੋਂ ਹੋਈ ਹੈ।