ਪੱਤਰ ਪ੍ਰੇਰਕ
ਤਲਵਾੜਾ, 6 ਅਗਸਤ
ਇੱਥੇ ਥਾਣਾ ਹਾਜੀਪੁਰ ਅਧੀਨ ਆਉਂਦੇ ਪਿੰਡ ਜੁਗਿਆਲ ਵਿੱਚ ਕੰਢੀ ਨਹਿਰ ’ਚ ਨਹਾਉਂਦਿਆਂ 15 ਸਾਲਾ ਲੜਕੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਰਵਾਸੀ ਮਜ਼ਦੂਰ ਕਿਸ਼ਨ ਪਾਲ ਨੇ ਹਾਜੀਪੁਰ ਪੁਲੀਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਲੜਕਾ ਪ੍ਰਦੀਪ ਕੁਮਾਰ ਅੱਜ ਸਕੂਲੋਂ ਛੁੱਟੀ ਉਪਰੰਤ ਆਪਣੇ ਛੋਟੇ ਭਰਾ ਅਤੇ ਦੋੋਸਤ ਨਾਲ ਗਗਨ ਜੀ ਕਾ ਟਿੱਲਾ ਵਿਖੇ ਮੱਥਾ ਟੇਕਣ ਗਿਆ ਸੀ। ਮੱਥਾ ਟੇਕ ਕੇ ਵਾਪਸ ਆਉਂਦਿਆਂ ਉਹ ਜੁਗਿਆਲ ਪੁਲ ਕੋਲ ਕੰਢੀ ਨਹਿਰ ’ਚ ਨਹਾਉਣ ਲੱਗ ਪਏ। ਇਸ ਦੌਰਾਨ ਪਾਣੀ ਦੇ ਤੇਜ਼ ਵਹਾਅ ’ਚ ਜਦੋਂ ਪ੍ਰਦੀਪ ਕੁਮਾਰ ਦਾ ਦੋਸਤ ਡੁੱਬਣ ਲੱਗਾ ਤਾਂ ਪ੍ਰਦੀਪ ਨੇ ਉਸ ਨੂੰ ਬਚਾਅ ਲਿਆ ਪਰ ਆਪ ਡੁੱਬ ਗਿਆ। ਹਾਜੀਪੁਰ ਪੁਲੀਸ ਨੇ ਮੌਕਾ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।