* ਆਲ ਪਾਰਟੀ ਮੀਟਿੰਗ ਦੌਰਾਨ ਆਗੂਆਂ ਨੂੰ ਸ਼ੇਖ਼ ਹਸੀਨਾ ਦੇ ਭਾਰਤ ਆਉਣ ਬਾਰੇ ਦਿੱਤੀ ਜਾਣਕਾਰੀ
* ਕੂਟਨੀਤਕ ਚੈਨਲਾਂ ਜ਼ਰੀਏ ਭਾਰਤੀ ਭਾਈਚਾਰੇ ਦੇ ਸੰਪਰਕ ਵਿਚ ਹੋਣ ਦਾ ਦਾਅਵਾ
ਨਵੀਂ ਦਿੱਲੀ, 6 ਅਗਸਤ
ਸਰਕਾਰ ਨੇ ਅੱਜ ਸੰਸਦ ਵਿਚ ਕਿਹਾ ਕਿ ਭਾਰਤ ਨੇ ਬੰਗਲਾਦੇਸ਼ ਵਿਚ ਘੱਟਗਿਣਤੀਆਂ ਦੇ ਹਾਲਾਤ ’ਤੇ ਨੇੜਿਓਂ ਨਜ਼ਰ ਬਣਾਈ ਹੋਈ ਹੈ ਤੇ ਉਹ ਆਪਣੇ ਕੂਟਨੀਤਕ ਮਿਸ਼ਨਾਂ ਜ਼ਰੀਏ ਲਗਾਤਾਰ ਭਾਰਤੀ ਭਾਈਚਾਰੇ ਦੇ ਸੰਪਰਕ ਵਿਚ ਹਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੰਸਦ ਦੇ ਦੋਵਾਂ ਸਦਨਾਂ ਵਿਚ ਇਕ ਬਿਆਨ ਦਿੰਦਿਆਂ ਕਿਹਾ ਕਿ ਜਦੋਂ ਤੱਕ ਗੁਆਂਢੀ ਮੁਲਕ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਪ੍ਰਤੱਖ ਤੌਰ ’ਤੇ ਬਹਾਲ ਨਹੀਂ ਹੁੰਦੀ ਭਾਰਤ ਸੁਭਾਵਿਕ ਤੌਰ ’ਤੇ ਫ਼ਿਕਰਮੰਦ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਭਾਰਤ-ਬੰਗਲਾਦੇਸ਼ ਸਰਹੱਦ ’ਤੇ ਤਾਇਨਾਤ ਆਪਣੇ ਸੁਰੱਖਿਆ ਬਲਾਂ ਨੂੰ ਗੁਆਂਢੀ ਮੁਲਕ ਦੀ ਗੁੰਝਲਦਾਰ ਸਥਿਤੀ ਤੇ ਬਦਲਦੇ ਹਾਲਾਤ ਦੇ ਮੱਦੇਨਜ਼ਰ ਚੌਕਸ ਰਹਿਣ ਦੀ ਹਦਾਇਤ ਕੀਤੀ ਹੈ।
ਇਸ ਤੋਂ ਪਹਿਲਾਂ ਜੈਸ਼ੰਕਰ ਨੇ ਅੱਜ ਦਿਨੇ ਸਰਬ ਪਾਰਟੀ ਬੈਠਕ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਬੰਗਲਾਦੇਸ਼ ਦੇ ਹਾਲਾਤ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਹਸੀਨਾ ਅਜੇ ਸਦਮੇ ਵਿਚ ਹੈ ਤੇ ਸਰਕਾਰ ਨੇ ਉਨ੍ਹਾਂ ਨੂੰ ਇਸ (ਸਦਮੇ) ’ਚੋਂ ਨਿਕਲਣ ਲਈ ਸਮਾਂ ਦਿੱਤਾ ਹੈ। ਇਸ ਤੋਂ ਬਾਅਦ ਹੀ ਸਾਬਕਾ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਗੱਲ ਕੀਤੀ ਜਾਵੇਗੀ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਲੰਡਨ ਜਾਂ ਫਿਰ ਕਿਸੇ ਹੋਰ ਯੂਰਪੀ ਮੁਲਕ ਜਾਂਦਿਆਂ ਸੋਮਵਾਰ ਸ਼ਾਮ ਨੂੰ ਭਾਰਤ ਪੁੱਜੀ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨਾਲ ਵੱਖ ਵੱਖ ਮੁੱਦਿਆਂ ਤੇ ਭਵਿੱਖੀ ਯੋਜਨਾਵਾਂ ਬਾਰੇ ਗੱਲ ਹੋਵੇਗੀ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸਣੇ ਹੋਰਨਾਂ ਆਗੂਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿਚ ਜੈਸ਼ੰਕਰ ਨੇ ਕਿਹਾ ਕਿ ਗੁਆਂਢੀ ਮੁਲਕ ਵਿਚ ਜਾਰੀ ਫ਼ਸਾਦ ਪਿੱਛੇ ਵਿਦੇਸ਼ੀ ਸਰਕਾਰਾਂ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਂਜ ਗਾਂਧੀ ਸਣੇ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸਰਕਾਰ ਨੂੰ ਇਸ ਮੁੱਦੇ ’ਤੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਸਰਬ ਪਾਰਟੀ ਬੈਠਕ ਵਿਚ ਜੈਸ਼ੰਕਰ ਤੇ ਗਾਂਧੀ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਜੇਪੀ ਨੱਢਾ, ਜੇਡੀਯੂ ਆਗੂ ਤੇ ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ ‘ਲੱਲਨ’, ਜੇਡੀਐੱਸ ਆਗੂ ਤੇ ਕੇਂਦਰੀ ਮੰਤਰੀ ਐੱਚਡੀ ਕੁਮਾਰਸਵਾਮੀ, ਡੀਐੱਮਕੇ ਆਗੂ ਟੀਆਰ ਬਾਲੂ, ਸਪਾ ਆਗੂ ਰਾਮਗੋਪਾਲ ਯਾਦਵ, ਟੀਐੱਮਸੀ ਆਗੂ ਸੁਦੀਪ ਬੰਧੋਪਾਧਿਆਏ ਤੇ ਐੱਨਸੀਪੀ ਆਗੂ ਸੁਪ੍ਰਿਆ ਸੂਲੇ ਆਦਿ ਹਾਜ਼ਰ ਸਨ। ਵਿਦੇਸ਼ ਮੰਤਰੀ ਮਗਰੋਂ ਸੰਸਦੀ ਅਹਾਤੇ ਵਿਚ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਵੀ ਮਿਲੇ। ਆਮ ਆਦਮੀ ਪਾਰਟੀ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਨੂੰ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਵੱਲੋਂ ਸਰਬ ਪਾਰਟੀ ਬੈਠਕ ਵਿਚ ਸ਼ਾਮਲ ਹੋਣ ਲਈ ਸੱਦਾ ਨਹੀਂ ਮਿਲਿਆ। ‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਐਕਸ ’ਤੇ ਕਿਹਾ, ‘‘ਕੌਮੀ ਸੁਰੱਖਿਆ ਦਾ ਮੁੱਦਾ ਇਸ ਗੱਲ ’ਤੇ ਮੁਨੱਸਰ ਨਹੀਂ ਕਰਦਾ ਕਿ ਪ੍ਰਧਾਨ ਮੰਤਰੀ ਕਿਸ ਨਾਲ ਖ਼ੁਸ਼ ਜਾਂ ਨਾਰਾਜ਼ ਹਨ। ਆਮ ਆਦਮੀ ਪਾਰਟੀ, ਕੌਮੀ ਪਾਰਟੀ ਹੈ ਜਿਸ ਦੇ 13 ਸੰਸਦ ਮੈਂਬਰ ਹਨ, ਨੂੰ ਇਸ ਅਹਿਮ ਸਰਬ ਪਾਰਟੀ ਬੈਠਕ ਲਈ ਸੱਦਾ ਨਾ ਦੇਣਾ ਸਰਕਾਰ ਦੀ ਸੌੜੀ ਮਾਨਸਿਕਤਾ ਤੇ ਸੰਜੀਦਗੀ ਦੀ ਘਾਟ ਨੂੰ ਦਰਸਾਉਂਦਾ ਹੈ।’’ -ਪੀਟੀਆਈ
ਕੀ ਬੰਗਲਾਦੇਸ਼ ਸੰਕਟ ਪਿੱਛੇ ਪਾਕਿਸਤਾਨ ਦਾ ਹੱਥ ਸੀ: ਰਾਹੁਲ
ਨਵੀਂ ਦਿੱਲੀ:
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਸਰਬ ਪਾਰਟੀ ਬੈਠਕ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਸਵਾਲ ਕੀਤਾ ਕਿ ਕੀ ਬੰਗਲਾਦੇਸ਼ ਨੂੰ ਦਰਪੇਸ਼ ਮੌਜੂਦਾ ਸੰਕਟ ਪਿੱਛੇ ਵਿਦੇਸ਼ੀ ਤਾਕਤਾਂ ਖਾਸ ਕਰ ਕੇ ਪਾਕਿਸਤਾਨ ਦਾ ਹੱਥ ਹੈ। ਇਹ ਦਾਅਵਾ ਕਾਂਗਰਸ ਪਾਰਟੀ ਵਿਚਲੇ ਸੂਤਰਾਂ ਨੇ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਗਾਂਧੀ ਨੇ ਸਰਕਾਰ ਨੂੰ ਇਸ ਸੰਕਟ ਨਾਲ ਨਜਿੱਠਣ ਲਈ ਭਵਿੱਖੀ ਰਣਨੀਤੀ ਬਾਰੇ ਵੀ ਸਵਾਲ ਪੁੱਛਿਆ। ਸਾਬਕਾ ਕਾਂਗਰਸ ਪ੍ਰਧਾਨ ਨੇ ਸਰਕਾਰ ਨੂੰ ਇਸ ਮੁੱਦੇ ’ਤੇ ਪੂਰਨ ਸਹਿਯੋਗ ਦਾ ਭਰੋੋਸਾ ਦਿੱਤਾ ਹੈ। -ਪੀਟੀਆਈ