ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 6 ਅਗਸਤ
ਮਿਉਂਸਿਪਲ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਦੀਪਕ ਬੱਗਣ ਨੇ ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਵਿੱਚ ਕੰਮ ਕਰ ਰਹੇ ਆਊਟਸੋਰਸ ਅਤੇ ਠੇਕਾ ਅਧਾਰਿਤ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਮਹਿਜ਼ 163 ਰੁਪਏ ਪ੍ਰਤੀ ਮਹੀਨਾ ਦਾ ਵਾਧਾ ਕਰਨ ਦੇ ਫ਼ੈਸਲੇ ਨੂੰ ਇਨ੍ਹਾਂ ਕਰਮਚਾਰੀਆਂ ਨਾਲ ਕੀਤਾ ਕੋਝਾ ਮਜ਼ਾਕ ਕਰਾਰ ਦਿੱਤਾ। ਨਗਰ ਕੌਂਸਲ ਦੇ ਉਕਤ ਮੁਲਾਜ਼ਮਾਂ ਨੇ ਮਿਉਂਸਿਪਲ ਸਫ਼ਾਈ ਕਰਮਚਾਰੀ ਯੂਨੀਅਨ ਦੀ ਅਗਵਾਈ ਹੇਠ ਉਕਤ ਕਰਮਚਾਰੀਆਂ ਦੀ ਤਨਖ਼ਾਹ ’ਚ ਕੀਤੇ ਨਿਗੂਣੇ ਵਾਧੇ ਦਾ ਨਿਵੇਕਲੇ ਢੰਗ ਨਾਲ ਵਿਰੋਧ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਦੌਰਾਨ ਮੁਲਾਜ਼ਮਾਂ ਨੇ ਨਗਰ ਕੌਂਸਲ ਦਫ਼ਤਰ ਦੇ ਦਰਵਾਜ਼ੇ ਬਾਹਰ ਆਪਣੇ ਹੱਥਾਂ ਵਿੱਚ ਪੰਜਾਬ ਸਰਕਾਰ ਦਾ ਪ੍ਰਤੀ ਮਹੀਨਾ 163 ਰੁਪਏ ਤਨਖ਼ਾਹ ਵਧਾਉਣ ਲਈ ਧੰਨਵਾਦ ਲਿਖੀਆਂ ਤਖ਼ਤੀਆਂ ਫੜ ਕੇ ਧੰਨਵਾਦ ਕਰਕੇ ਰੋਸ ਵਿਖਾਵਾ ਕੀਤਾ। ਇਸ ਦੌਰਾਨ ਮਿਉਂਸਿਪਲ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਦੀਪਕ ਬੱਗਣ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤਾ ਇਹ ਵਾਧਾ ਇੱਕ ਅਪਰੈਲ 2024 ਤੋਂ ਲਾਗੂ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਕਰਮਚਾਰੀ ਆਪਣੀ ਬਿਹਤਰ ਜ਼ਿੰਦਗੀ ਦੀ ਉਮੀਦ ਵਿੱਚ ਪਿਛਲੇ ਲੰਮੇ ਸਮੇਂ ਤੋਂ ਨਗਰ ਕੌਂਸਲ ਵਿੱਚ ਕੰਮ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੀ ਤਨਖ਼ਾਹ ਵਿੱਚ ਮਹਿਜ਼ 163 ਰੁਪਏ ਪ੍ਰਤੀ ਮਹੀਨਾ ਵਾਧਾ ਕਰਕੇ ਇਨ੍ਹਾਂ ਮੁਲਾਜ਼ਮਾਂ ਨਾਲ ਵੱਡਾ ਮਜ਼ਾਕ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆ ਯੂਨੀਅਨਾਂ ਲਗਾਤਾਰ ਸੰਘਰਸ਼ ਕਰਕੇ ਸਰਕਾਰ ਤੋਂ ਠੇਕਾ ਅਧਾਰਿਤ ਅਤੇ ਅਤੇ ਆਊਟਸੋਰਸ ’ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਮੰਗ ਕਰਦੀ ਆ ਰਾਹੀਆਂ ਹਨ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀ ਸ਼ਹਿਰ ਦੀ ਸਾਫ਼-ਸਫ਼ਾਈ ਕਰਦੇ ਹਨ, ਸੀਵਰਮੈਨ ਸੀਵਰੇਜ ਲਾਈਨ ਚਲਾਉਂਦੇ ਹਨ, ਡਰਾਈਵਰ ਸ਼ਹਿਰ ਵਿੱਚੋਂ ਕੂੜਾ ਇਕੱਠਾ ਕਰਦੇ ਹਨ, ਟਿਊਬਵੈੱਲ ਅਪਰੇਟਰ, ਮਾਲੀ, ਫਾਇਰ ਬ੍ਰਿਗੇਡ ਦੇ ਮੁਲਾਜ਼ਮ ਵੀ ਆਪਣੀ ਸੇਵਾਅ ਨਿਭਾ ਰਹੇ ਹਨ। ਇਨ੍ਹਾਂ ਦਾ ਕੰਮ ਬਹੁਤ ਹੀ ਜ਼ੋਖਮ ਭਰਿਆ ਹੈ, ਪਰ ਸਰਕਾਰ ਤਨਖਾਹ ਵਿੱਚ ਨਿਗੂਣਾ ਵਾਧਾ ਕਰਕੇ ਇਨ੍ਹਾਂ ਨਾਲ ਮਜ਼ਾਕ ਕਰ ਰਹੀ ਹੈ। ਇਸ ਮੌਕੇ ਅਸ਼ੋਕ ਕੁਮਾਰ, ਰਜਿੰਦਰ ਕੁਮਾਰ , ਬਾਦਲ ਕਲਿਆਣ, ਪਰਦੀਪ ਕੁਮਾਰ, ਪਵਨ ਕੁਮਾਰ, ਰਵਿੰਦਰ ਕੁਮਾਰ, ਰਵੀ ਮੱਟੂ, ਅਮਿਤ ਟਾਂਕ, ਮੋਹਿਤ ਕੁਮਾਰ, ਮਨੀਸ਼ ਵਰਮਾ, ਬੰਟੀ ਟਾਂਕ, ਗਗਨ ਗਿੱਲ ਤੇ ਮੁਹੰਮਦ ਅਕਰਮ ਆਦਿ ਹਾਜ਼ਰ ਸਨ।