ਪੱਤਰ ਪ੍ਰੇਰਕ
ਅਜਨਾਲਾ, 6 ਅਗਸਤ
ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਵੱਡੀ ਗਿਣਤੀ ਇਕੱਠੇ ਹੋਏ ਨੌਜਵਾਨਾਂ ਨੇ ਅੱਜ ਮੋਟਰਸਾਈਲ ਮਾਰਚ ਕੀਤਾ। ਨੌਜਵਾਨਾਂ ਨੇ ਸਾਮਰਾਜ ਪੱਖੀ ਖੇਤੀ ਮਾਡਲ ਰੱਦ ਕਰਨ, ਪੰਜਾਬ, ਕੁਦਰਤੀ ਅਤੇ ਕਿਸਾਨ ਪੱਖੀ ਖੇਤੀ ਮਾਡਲ ਲਾਗੂ ਕਰਨ, ਪੰਜਾਬ ਦੇ ਪਾਣੀਆਂ ਦਾ ਮਸਲਾ ਰੀਪੇਰੀਅਨ ਸਿਧਾਂਤ ਅਨੁਸਾਰ ਹੱਲ ਕਰਨ, ਵਾਹਗਾ ਹੁਸੈਨੀਵਾਲਾ ਰਸਤੇ ਭਾਰਤ-ਪਾਕਿਸਤਾਨ ਵਪਾਰ ਖੋਲ੍ਹਣ ਆਦਿ ਮੰਗਾਂ ਨੂੰ ਲੈ ਕੇ ਮੋਟਰਸਾਈਕਲ ਮਾਰਚ ਅਜਨਾਲਾ ਦੇ ਇਤਿਹਾਸਕ ਗੁਰਦੁਆਰਾ ਕਲਿਆਂ ਵਾਲੇ ਖੂਹ ਤੋਂ ਰਾਜਾਸਾਂਸੀ ਤੱਕ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਸਹਿੰਸਰਾ ਨੇ ਕਿਹਾ ਕਿ ਪੰਜਾਬ ਵਿਚ ਹਰੀ ਕ੍ਰਾਂਤੀ ਦੇ ਨਾਮ ਹੇਠ ਲਾਗੂ ਕੀਤਾ ਖੇਤੀ ਮਾਡਲ ਕਾਰਪੋਰੇਟ ਕੰਪਨੀਆਂ ਦੇ ਪੱਖ ਦਾ ਹੈ, ਜਿਸ ਵਿਚ ਕਾਰਪੋਰੇਟ ਕੰਪਨੀਆਂ ਨੇ ਆਪਣੀਆਂ ਦਵਾਈਆਂ, ਖਾਦਾਂ ਅਤੇ ਬੀਜ ਵੇਚ ਕੇ ਅਰਬਾਂ ਦਾ ਮੁਨਾਫਾ ਕਮਾਇਆ ਹੈ ਪਰ ਇਸ ਖੇਤੀ ਮਾਡਲ ਨੇ ਪੰਜਾਬ ਦਾ ਹਵਾ-ਪਾਣੀ ਤੇ ਮਿੱਟੀ ਬਰਬਾਦ ਕਰਕੇ ਸੂਬੇ ਦੇ ਕਿਸਾਨਾਂ ਨੂੰ ਕਰਜ਼ਈ ਬਣਾ ਦਿੱਤਾ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਵਿਚ ਧਰਤੀ ਹੇਠਲਾ ਪਾਣੀ ਬਚਾਇਆ ਜਾਵੇ, ਫਸਲਾਂ ਦੀ ਐੱਮਐੱਸਪੀ ਅਤੇ ਸਰਕਾਰੀ ਖਰੀਦ ਦਾ ਪ੍ਰਬੰਧ ਕੀਤਾ ਜਾਵੇ, ਫੈਕਟਰੀਆਂ ਦੁਆਰਾ ਪਾਣੀ ਨੂੰ ਖਰਾਬ ਕਰਨ ਤੋਂ ਰੋਕਿਆ ਜਾਵੇ, ਵਰਖਾ ਦੇ ਪਾਣੀ ਨੂੰ ਸੰਭਾਲਣ ਲਈ ਪ੍ਰਾਜੈਕਟ ਲਾਏ ਜਾਣ, ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਰੀਪੇਰੀਅਨ ਸਿਧਾਂਤ ਅਨੁਸਾਰ ਹੱਲ ਕੀਤਾ ਜਾਵੇ।