ਨਵੀਂ ਦਿੱਲੀ/ਕੋਲਕਾਤਾ, 6 ਅਗਸਤ
ਬੰਗਲਾਦੇਸ਼ ਵਿੱਚ ਸ਼ੇਖ਼ ਹਸੀਨਾ ਦੀ ਸਰਕਾਰ ਡਿੱਗਣ ਦੇ ਮੱਦੇਨਜ਼ਰ ਇੱਥੇ ਬੀਐੱਸਐੱਫ ਨੇ 4,096 ਕਿਲੋਮੀਟਰ ਲੰਮੀ ਭਾਰਤ-ਬੰਗਲਾਦੇਸ਼ ਕੌਮਾਂਤਰੀ ਸਰਹੱਦ ਦੇ ਨਾਲ ਰਹਿੰਦੇ ਲੋਕਾਂ ਨੂੰ ਸਰਹੱਦ ’ਤੇ ਅਤੇ ਖ਼ਾਸ ਤੌਰ ’ਤੇ ਰਾਤ ਸਮੇਂ ਬਿਨਾਂ ਕਿਸੇ ਜ਼ਰੂਰਤ ਦੇ ਨਾ ਜਾਣ ਦੀ ਸਲਾਹ ਦਿੱਤੀ ਹੈ। ਬੀਐੱਸਐੱਫ ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਨੇ ਅੱਜ ਸੰਗਠਿਤ ਚੈੱਕ ਪੋਸਟ (ਆਈਸੀਪੀ) ਦਾ ਦੂਜੇ ਦਿਨ ਵੀ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਬੀਐੱਸਐੱਫ ਦੀ ਸਾਊਥ ਬੰਗਾਲ ਫਰੰਟੀਅਰ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਫਰੰਟੀਅਰ ਦੇ ਬੁਲਾਰੇ ਨੇ ਕਿਹਾ ਕਿ ਡੀਜੀ ਦੇ ਦੌਰੇ ਦਾ ਮੁੱਖ ਮਕਸਦ ਬੰਗਲਾਦੇਸ਼ ਵਿੱਚ ਹਾਲ ਹੀ ’ਚ ਵਾਪਰੇ ਘਟਨਾਕ੍ਰਮ ਦੇ ਮੱਦੇਨਜ਼ਰ ਇਨ੍ਹਾਂ ਅਹਿਮ ਥਾਵਾਂ ’ਤੇ ਬੀਐੱਸਐੱਫ ਦੀ ਤਿਆਰੀ ਤੇ ਫੋਰਸ ਦੀ ਪੋਸਟਿੰਗ ਸਬੰਧੀ ਰਣਨੀਤੀਆਂ ਦਾ ਮੁਲਾਂਕਣ ਕਰਨਾ ਹੈ। ਸ੍ਰੀ ਚੌਧਰੀ ਨੇ ਪੈਟਰਾਪੋਲ ’ਤੇ ਪੈਸੇਂਜਰ ਤੇ ਕਾਰਗੋ ਟਰਮੀਨਲ ਦਾ ਦੌਰਾ ਵੀ ਕੀਤਾ। ਉਨ੍ਹਾਂ ਤੁਰੰਤ ਬਾਅਦ ਰਣਘਾਟ ਸਰਹੱਦੀ ਚੌਕੀ ਦਾ ਦੌਰਾ ਵੀ ਕੀਤਾ ਤੇ ਪਰਵਾਸੀਆਂ ਦੇ ਗੈਰ-ਕਾਨੂੰਨੀ ਦਾਖ਼ਲੇ ਤੇ ਤਸਕਰੀ ਨਾਲ ਨਜਿੱਠਣ ਲਈ ਰਣਨੀਤੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਇਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਚੌਕਸੀ ਵਧਾਉਣ ਤੇ ਲੋੜੀਂਦੇ ਕਦਮ ਚੁੱਕਣ ’ਤੇ ਜ਼ੋਰ ਦਿੱਤਾ। ਉਨ੍ਹਾਂ ਇਸ ਦੌਰਾਨ ਇੱਕ ਸੈਨਿਕ ਸੰਮੇਲਨ ਨੂੰ ਵੀ ਸੰਬੋਧਨ ਕੀਤਾ ਤੇ ਮੌਜੂਦਾ ਕਿਸੇ ਕਿਸਮ ਦੀ ਸਥਿਤੀ ਨਾਲ ਨਜਿੱਠਣ ਲਈ ਸਪੱਸ਼ਟ ਹਦਾਇਤਾਂ ਦਿੱਤੀਆਂ। -ਪੀਟੀਆਈ
ਬੀਐੱਸਐੱਫ ਦੇ ਡਾਇਰੈਕਟਰ ਜਨਰਲ ਵੱਲੋਂ ਸਰਹੱਦੀ ਪਿੰਡਾਂ ਦੇ ਲੋਕਾਂ ਨਾਲ ਮੁਲਾਕਾਤ
ਕੋਲਕਾਤਾ:
ਬੰਗਲਾਦੇਸ਼ ਵਿੱਚ ਵਾਪਰੀ ਹਿੰਸਾ ਦੇ ਮੱਦੇਨਜ਼ਰ ਬੀਐੱਸਐੱਫ ਨੇ ਅੱਜ ਪੱਛਮੀ ਬੰਗਾਲ ਦੇ ਸਰਹੱਦੀ ਇਲਾਕਿਆਂ ਵਿੱਚ ਰਹਿੰਦੇ ਪਿੰਡਾਂ ਦੇ ਲੋਕਾਂ ਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ। ਬੀਐੱਸਐੱਫ ਦੇ ਇੱਕ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ, ‘ਇਸ ਸਮੇਂ ਸਥਿਤੀ ਕੰਟਰੋਲ ਹੇਠ ਹੈ। ਪੂਰੇ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਹਨ। ਅਸੀਂ ਚੰਗੇ ਤਾਲਮੇਲ ਲਈ ਬਾਰਡਰ ਗਾਰਡ ਬੰਗਲਾਦੇਸ਼ ਨਾਲ ਸੰਪਰਕ ’ਚ ਹਾਂ।’ -ਪੀਟੀਆਈ