ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਅਗਸਤ
ਫ਼ਸਲਾਂ ’ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਅਤੇ ਕਰਜ਼ੇ ਤੋਂ ਮੁਕਤੀ ਸਮੇਤ ਹੋਰ ਕਈ ਮੁੱਦਿਆਂ ਲਈ ਸਰਕਾਰ ’ਤੇ ਦਬਾਅ ਪਾਉਣ ਲਈ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਸੂਤਰਾਂ ਨੇ ਕਿਹਾ ਕਿ ਮੋਰਚੇ ਦਾ 11 ਮੈਂਬਰੀ ਵਫ਼ਦ ਰਾਹੁਲ ਨੂੰ ਇਥੇ ਸੰਸਦ ਭਵਨ ਅਹਾਤੇ ’ਚ ਉਨ੍ਹਾਂ ਦੇ ਦਫ਼ਤਰ ’ਚ ਮਿਲਿਆ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨਾਲ ਕਿਸਾਨਾਂ ਦਾ ਇਕ ਹੋਰ ਵਫ਼ਦ ਸੰਸਦ ਭਵਨ ਅਹਾਤੇ ’ਚ ਕੁਝ ਦਿਨ ਪਹਿਲਾਂ ਮੀਟਿੰਗ ਕਰ ਚੁੱਕਿਆ ਹੈ।
ਵਫ਼ਦ ਨੇ ਕਿਸਾਨਾਂ ਦੇ ਦਰਪੇਸ਼ ਮਸਲਿਆਂ ਬਾਰੇ ਰਾਹੁਲ ਗਾਂਧੀ ਨੂੰ ਜਾਣਕਾਰੀ ਦਿੱਤੀ। ਸੰਯੁਕਤ ਕਿਸਾਨ ਮੋਰਚਾ ਦੇ ਵਫ਼ਦ ਵੱਲੋਂ ਰਾਹੁਲ ਨੂੰ ਐੱਮਐੱਸਪੀ ਸੀ2+50% ਫਾਰਮੂਲੇ ਨਾਲ ਖ਼ਰੀਦਣ ਦੀ ਕਾਨੂੰਨੀ ਗਾਰੰਟੀ, ਕਰਜ਼ਾ ਮੁਕਤੀ ਨਾਲ ਸਬੰਧਤ ਦੋ ਬਿੱਲ ਅਤੇ ਹੋਰ ਕਿਸਾਨ ਮੰਗਾਂ ਨਾਲ ਸਬੰਧਤ ਮੰਗ ਪੱਤਰ ਦਿੱਤਾ। ਰਾਹੁਲ ਗਾਂਧੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਹ ਬਿੱਲ ‘ਇੰਡੀਆ’ ਗਠਜੋੜ ਨਾਲ ਵਿਚਾਰ-ਵਟਾਂਦਰੇ ਮਗਰੋਂ ਸੰਸਦ ਦੇ ਅਗਲੇ ਇਜਲਾਸ ਵਿੱਚ ਪ੍ਰਾਈਵੇਟ ਮੈਂਬਰ ਬਿੱਲ ਵਜੋਂ ਸਦਨ ਵਿਚ ਲਿਆਉਣਗੇ। ਉਨ੍ਹਾਂ ਕਿਹਾ ਕਿ ‘ਇੰਡੀਆ’ ਗੱਠਜੋੜ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਯਕੀਨੀ ਬਣਾਉਣ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਸੰਸਦ ਅਤੇ ਬਾਹਰ ਉਠਾਉਂਦਾ ਰਿਹਾ ਹੈ ਅਤੇ ਕਿਸਾਨਾਂ ਦਾ ਹੱਕ ਮਿਲਣ ਤੱਕ ਉਹ ਖਾਮੋਸ਼ ਨਹੀਂ ਬੈਠਣਗੇ। ਸੰਯੁਕਤ ਕਿਸਾਨ ਮੋਰਚਾ ਦੇ ਵਫ਼ਦ ਵਿੱਚ ਹਨਨ ਮੁੱਲਾ, ਰਾਮਿੰਦਰ ਸਿੰਘ ਪਟਿਆਲਾ, ਵੈਂਕਈਆ, ਤੇਜਿੰਦਰ ਸਿੰਘ ਵਿਰਕ, ਡਾ. ਦਰਸ਼ਨਪਾਲ, ਅਵਿਕ ਸਾਹਾ, ਸੱਤਿਆਵਾਨ, ਪ੍ਰੇਮ ਸਿੰਘ ਗਹਿਲਾਵਤ ਨੀਲਮ ਤੇ ਬਲਬੀਰ ਸਿੰਘ ਰਾਜੇਵਾਲ ਸ਼ਾਮਲ ਸਨ। ਮੀਟਿੰਗ ਦੌਰਾਨ ਕਾਂਗਰਸ ਆਗੂ ਜੈਰਾਮ ਰਮੇਸ਼, ਕੇਸੀ ਵੇਣੂਗੋਪਾਲ ਅਤੇ ਯੋਗੇਂਦਰ ਯਾਦਵ ਵੀ ਹਾਜ਼ਰ ਸਨ। ਉਧਰ ਐੱਨਜੀਓ ਸਰਵ ਸੇਵਾ ਸੰਘ ਦਾ ਵਫ਼ਦ ਵੀ ਰਾਹੁਲ ਗਾਂਧੀ ਨੂੰ ਮਿਲਿਆ।