ਪਰਸ਼ੋਤਮ ਬੱਲੀ
ਬਰਨਾਲਾ, 6 ਅਗਸਤ
ਇਥੇ ‘ਅਭੈ ਓਸਵਾਲ ਟਾਊਨਸ਼ਿਪ’ ਨੇ ਆਪਣੇ ਵਿਸ਼ਵ ਮਿਆਰੀ ਰਿਹਾਇਸ਼ੀ ਕੰਪਲੈਕਸ ਖ਼ਿਲਾਫ਼ ਇਲਾਕੇ ‘ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦਾ ਗੰਭੀਰ ਨੋਟਿਸ ਲੈਂਦਿਆਂ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ।
ਇਸ ਦੇ ਵਾਈਸ ਪ੍ਰੈਜ਼ੀਡੈਂਟ ਮਾਰਕੀਟਿੰਗ ਅਨਿਲ ਖੰਨਾ ਤੇ ਪ੍ਰਾਜੈਕਟ ਅਧਿਕਾਰੀ ਬਲਵਿੰਦਰ ਸ਼ਰਮਾ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਇਸ ਆਧੁਨਿਕ ਬਹੁ ਕਰੋੜੀ ਟਾਊਨਸ਼ਿਪ ਦੇ ਵਪਾਰਕ ਹਿਤਾਂ ਨੂੰ ਢਾਹ ਲਾਉਣ ਤੇ ਕਥਿਤ ਨਾਜਾਇਜ਼ ਵਸੂਲੀ ਦੀ ਮਨਸ਼ਾ ਨਾਲ ਬੇਬੁਨਿਆਦ ਅਫ਼ਵਾਹਾਂ ਤੇ ਲਿਖਤਾਂ ਵਾਇਰਲ ਕੀਤੀਆਂ ਜਾ ਰਹੀਆਂ ਸਨ ਜਿਸ ਨਾਲ ਪਲਾਟ ਖਰੀਦਦਾਰਾਂ ਤੇ ਨਿਵੇਸ਼ਕਾਂ ‘ਚ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਅਨਸਰਾਂ ਖਿਲਾਫ਼ ਫੌਰੀ ਕਾਨੂੰਨੀ ਕਾਰਵਾਈ ਸਬੰਧੀ ਐੱਸਐੱਸਪੀ ਬਰਨਾਲਾ ਸੰਦੀਪ ਮਲਿਕ ਨੂੰ ਮਿਲ ਕੇ ਲਿਖਤੀ ਸ਼ਿਕਾਇਤ ਕੀਤੀ ਗਈ ਹੈ। ਦੂਜੇ ਪਾਸੇ ਅਭੈ ਓਸਵਾਲ ਟਾਊਨਸ਼ਿਪ ਅਧਿਕਾਰੀਆਂ ਨੇ ਨਿਵੇਸ਼ਕਾਂ ਤੇ ਪਲਾਟਧਾਰਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਅਜਿਹੀਆਂ ਬੇਬੁਨਿਆਦ ਅਫ਼ਵਾਹਾਂ ’ਤੇ ਯਕੀਨ ਨਾ ਕਰਨ। ਜੇਕਰ ਕੋਈ ਸ਼ੰਕਾ ਹੋਵੇ ਤਾਂ ਉਨ੍ਹਾਂ ਨਾਲ ਸੰਪਰਕ ਕਰ ਕਸਦੇ ਹਨ। ਐੱਸਸਐੱਸਪੀ ਮਲਿਕ ਨੇ ਇਸ ਮਾਮਲੇ ਸਬੰਧੀ ਜਾਂਚ ਕਰ ਕੇ ਬਣਦੀ ਕਾਰਵਾਈ ਲਈ ਦਰਖਾਸਤ ਸੀਆਈਏ ਸਟਾਫ਼ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ ਨੂੰ ਮਾਰਕ ਕਰ ਦਿੱਤੀ ਹੈ।