ਪੱਤਰ ਪ੍ਰੇਰਕ
ਬਾਘਾ ਪੁਰਾਣਾ, 6 ਅਗਸਤ
ਸਾਹਿਤ ਸਭਾ ਬਾਘਾ ਪੁਰਾਣਾ ਵੱਲੋਂ ਸਭਾ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਕਾਲੇਕੇ ਦਾ ਗ਼ਜ਼ਲ ਸੰਗ੍ਰਹਿ ‘ਲਮਹਾ ਲਮਹਾ ਰਾਤ’ ਲੋਕ ਅਰਪਣ ਕੀਤਾ ਗਿਆ। ਸਾਹਿਤ ਸਭਾ ਬਾਘਾ ਪੁਰਾਣਾ ਦੇ ਪ੍ਰਧਾਨ ਲਖਬੀਰ ਸਿੰਘ ਕੋਮਲ , ਸਕੱਤਰ ਹਰਵਿੰਦਰ ਰੋਡੇ ਅਤੇ ਜਸਵੰਤ ਸਿੰਘ ਜੱਸੀ ਨੇ ਆਖਿਆ ਕਿ ਇਹ ਸਹਿਤ ਸਭਾਵਾਂ ਦੇ ਗੰਭੀਰ ਯਤਨਾਂ ਦਾ ਹੀ ਸਿੱਟਾ ਹੈ ਕਿ ਸਮਾਜ ਨੂੰ ਸੇਧ ਦੇਣ ਵਾਲੀਆਂ ਰਚਨਾਵਾਂ ਨਾਲ ਲਿਪਤ ਕਿਤਾਬਾਂ ਸਾਹਿਤਕ ਵੇਹੜੇ ਵਿੱਚ ਉਪਰੋਂ-ਥੱਲੀ ਆ ਰਹੀਆਂ ਹਨ। ਬੁਲਾਰਿਆਂ ਨੇ ਕਾਲੇਕੇ ਦੇ ਗਜ਼ਲ ਸੰਗ੍ਰਹਿ ਨੂੰ ਅਨੇਕਾਂ ਵਿਸ਼ਿਆਂ ਨੂੰ ਛੂਹਣ ਵਾਲਾ ਇੱਕ ਨਿਵੇਕਲਾ ਤਰੱਦਦ ਦੱਸਿਆ। ਸਭਾ ਵੱਲੋਂ ਪਿਛਲੇ ਵਰ੍ਹਿਆਂ ਦੌਰਾਨ ਲਗਾਏ ਗਏ ਬੂਟਿਆਂ ਦੀ ਦੇਖਭਾਲ ਨਿਰੰਤਰ ਜਾਰੀ ਰੱਖਣ ਦਾ ਅਹਿਦ ਦੁਹਰਾਇਆ ਗਿਆ। ਸਭਾ ਵੱਲੋਂ ਮਿੰਨੀ ਕਹਾਣੀਆਂ ਦੇ ਮੁਕਾਬਲਿਆਂ ਦੀ ਤੋਰੀ ਗਈ ਮੁਹਿੰਮ ਦੌਰਾਨ ਸਭਾ ਕੋਲ ਪੁੱਜੀਆਂ ਕਹਾਣੀਆਂ ਦੇ ਮੁਲਾਂਕਣ ਲਈ ਸਾਧੂ ਰਾਮ ਲੰਗਿਆਣਾ, ਜਗਦੀਸ਼ ਪ੍ਰੀਤਮ, ਜਸਵੰਤ ਜੱਸੀ, ਐਸਇੰਦਰ ਰਾਜੇਆਣਾ, ਕੰਵਲਜੀਤ ਭੋਲਾ ਅਤੇ ਯਸ਼ ਚਟਾਨੀ ਹੁਰਾਂ ਦਾ ਛੇ ਮੈਂਬਰੀ ਪੈਨਲ ਤਿਆਰ ਕੀਤਾ ਗਿਆ ਜਿਸ ਨੂੰ 15 ਅਗਸਤ ਤੱਕ ਆਪਣੀ ਰਿਪੋਰਟ ਪੇਸ਼ ਕਰਨ ਲਈ ਪਾਬੰਦ ਕੀਤਾ ਗਿਆ। ਸਭਾ ਦੇ ਮੈਂਬਰ ਬਲਵਿੰਦਰ ਕੈਂਥ ਦੀ ਭੈਣ ਮੁਖਤਿਆਰ ਕੌਰ, ਪੰਜਾਬੀ ਸਾਹਿਤ ਦੀ ਉੱਘੀ ਸ਼ਖਸ਼ੀਅਤ ਸਰਬਜੀਤ ਸਿੰਘ ਵਿਰਦੀ ਅਤੇ ਜਸਪਾਲ ਸਿੰਘ ਹੇਰਾਂ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਮੌਕੇ ਰਚਨਾਵਾਂ ਦੇ ਦੌਰ ਦੌਰਾਨ ਈਸ਼ਰ ਸਿੰਘ ਲੰਭਵਾਲੀ, ਤਰਸੇਮ ਖਾਨ ਲੰਡੇ, ਹਰਚਰਨ ਰਾਜੇਆਣਾ, ਕਰਮ ਸਿੰਘ ਕਰਮ, ਅਵਤਾਰ ਬਰਾੜ ਲੰਡੇ, ਮੇਜਰ ਸਿੰਘ ਹਰੀਏਵਾਲਾ, ਸੁਰਜੀਤ ਕਾਲੇਕੇ, ਜਗਸੀਰ ਬਰਾੜ, ਰਣਜੀਤ ਸਿੰਘ, ਸਾਗਰ ਸਫਰੀ, ਬਲਵੰਤ ਘਣੀਆਂ, ਕੋਮਲ ਭੱਟੀ ਰੋਡੇ ਅਤੇ ਹਰਮਿੰਦਰ ਬਰਾੜ ਨੇ ਰਚਨਾਵਾਂ ਪੇਸ਼ ਕੀਤੀਆਂ।