ਗਗਨਦੀਪ ਅਰੋੜਾ
ਲੁਧਿਆਣਾ, 6 ਅਗਸਤ
ਗਿੱਲ ਰੋਡ ਰੇਲਵੇ ਲਾਈਨਾਂ ਕੋਲ ਲੰਘੇ ਕੱਲ੍ਹ ਗਲਾ ਵੱਢ ਕੇ ਕਤਲ ਕੀਤੀ ਗਈ ਵਿਆਹੁਤਾ ਸੰਦੀਪ ਕੌਰ ਦਾ ਕਤਲ ਉਸ ਦੇ ਪ੍ਰੇਮੀ ਨੇ ਹੀ ਕੀਤਾ ਸੀ। ਪੁਲੀਸ ਨੇ ਕੁਝ ਹੀ ਘੰਟਿਆਂ ਵਿੱਚ ਇਹ ਕਤਲ ਕਾਂਡ ਦੀ ਗੁੱਥੀ ਸੁਲਝਾ ਲਈ। ਪੁਲੀਸ ਨੇ ਕਤਲ ਮਾਮਲੇ ਵਿੱਚ ਪਿੰਡ ਧਾਂਦਰਾ ਰੋਡ ਵਾਸੀ ਜਸਬੀਰ ਸਿੰਘ ਉਰਫ਼ ਜੱਸੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਪਿਛਲੇਂ ਤਕਰੀਬਨ 10 ਸਾਲਾਂ ਤੋਂ ਨਾਜਾਇਜ਼ ਸਬੰਧ ’ਚ ਸਨ। ਪੁਲੀਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮ ਜੱਸੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੇ ਕਬਜ਼ੇ ’ਚੋਂ ਪੁਲੀਸ ਨੇ ਵਾਰਦਾਤ ਲਈ ਵਰਤਿਆ ਚਾਕੂ ਅਤੇ ਉਸ ਦੀ ਕਾਰ ਦੇ ਨਾਲ ਨਾਲ ਔਰਤ ਸੰਦੀਪ ਕੌਰ ਦੀ ਐਕਟਿਵਾ ਬਰਾਮਦ ਕਰ ਲਈ ਹੈ। ਪੁਲੀਸ ਮੁਲਜ਼ਮ ਤੋਂ ਪੁੱਛ-ਗਿੱਛ ਕਰਨ ’ਚ ਲੱਗੀ ਹੋਈ ਹੈ।
ਏਡੀਸੀਪੀ ਦੇਵ ਸਿੰਘ ਨੇ ਦੱਸਿਆ ਕਿ ਸੰਦੀਪ ਕੌਰ ਤੇ ਜੱਸੀ 10 ਸਾਲ ਪਹਿਲਾਂ ਫੇਸਬੁੱਕ ਰਾਹੀਂ ਦੋਸਤ ਬਣੇ ਸਨ। ਜੱਸੀ ਨੂੰ ਸੰਦੀਪ ਦੇ ਵਿਆਹ ਬਾਰੇ ਪਤਾ ਸੀ, ਇਸ ਦੇ ਬਾਵਜੂਦ ਉਸ ਨੇ ਉਸ ਨਾਲ ਰਿਸ਼ਤਾ ਕਾਇਮ ਕੀਤਾ। ਕੁਝ ਸਮਾਂ ਪਹਿਲਾਂ ਸੰਦੀਪ ਦਾ ਤਲਾਕ ਹੋ ਗਿਆ ਪਰ ਉਹ ਦੋਵੇਂ ਮਿਲਦੇ ਰਹੇ। ਇਸੇ ਦੌਰਾਨ ਨੌਜਵਾਨ ਨੇ ਵੀ ਕਿਸੇ ਹੋਰ ਥਾਂ ਵਿਆਹ ਕਰਵਾ ਲਿਆ ਪਰ ਦੋਵਾਂ ਵਿਚਾਲੇ ਨਾਜਾਇਜ਼ ਸਬੰਧ ਜਾਰੀ ਰਹੇ। ਪਿਛਲੇਂ ਕੁਝ ਸਮੇਂ ਤੋਂ ਜੱਸੀ ਨੂੰ ਸ਼ੱਕ ਸੀ ਕਿ ਸੰਦੀਪ ਦੇ ਕਿਸੇ ਹੋਰ ਨਾਲ ਸੰਬੰਧ ਹਨ। ਉਹ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਜਾਣ ਦੀ ਗੱਲ ਕਰ ਰਹੀ ਸੀ, ਪਰ ਜੱਸੀ ਚਾਹੁੰਦਾ ਸੀ ਕਿ ਉਹ ਕੈਨੇਡਾ ਨਾ ਜਾਵੇ। ਪਰ ਉਹ ਕੈਨੇਡਾ ਜਾਣ ਦੀ ਜ਼ਿੱਦ ਕਰ ਰਹੀ ਸੀ ਜਿਸ ਕਾਰਨ ਦੋਹਾਂ ’ਚ ਲੜਾਈ ਝਗੜਾ ਹੋਣ ਲੱਗਿਆ ਸੀ। ਐਤਵਾਰ ਨੂੰ ਜੱਸੀ ਅਤੇ ਸੰਦੀਪ ਵਿਚਕਾਰ ਕੈਨੇਡਾ ਜਾਣ ਦੀ ਗੱਲ ਤੋਂ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਉਹ ਆਪਣੀ ਕਾਰ ’ਚ ਬਿਠਾ ਕੇ ਉਸ ਨੂੰ ਗਿੱਲ ਰੋਡ ਰੇਲਵੇ ਲਾਈਨਾਂ ਕੋਲ ਲੈ ਗਿਆ। ਇਸ ਮਗਰੋਂ ਦੋਹਾਂ ’ਚ ਬਹਿਸ ਹੋਈ ਤੇ ਜੱਸੀ ਨੇ ਸੰਦੀਪ ਦਾ ਗਲਾ ਵੱਢ ਕੇ ਉਸਦਾ ਕਤਲ ਕਰ ਦਿੱਤਾ ਤੇ ਲਾਸ਼ ਉੱਥੇ ਹੀ ਸੁੱਟ ਦਿੱਤੀ। ਪੁਲੀਸ ਨੇ ਜਾਂਚ ਦੌਰਾਨ ਉਸਦੀ ਕਾਰ ਤੇ ਚਾਕੂ ਬਰਾਮਦ ਕਰ ਲਿਆ। ਮੁਲਜ਼ਮ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।