ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਅਗਸਤ
ਪੰਜਾਬ ਸਰਕਾਰ ਨੇ ਅੱਜ ਪਟਿਆਲਾ-ਨਾਭਾ-ਮਾਲੇਰਕੋਟਲਾ ਰਾਜ ਮਾਰਗ ’ਤੇ ਸਥਿਤ ਦੋ ਟੌਲ ਪਲਾਜ਼ੇ ਬੰਦ ਕਰ ਦਿੱਤੇ ਹਨ। ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪਟਿਆਲਾ-ਨਾਭਾ-ਮਲੇਰਕੋਟਲਾ ’ਤੇ ਮੋਹਰਾਣਾ ਅਤੇ ਕਲਿਆਣ ਸਥਿਤ ਟੌਲ ਪਲਾਜ਼ਿਆਂ ’ਤੇ ਰੋਡ ਯੂਜ਼ਰ ਫੀਸ ਦੀ ਵਸੂਲੀ ਬੀਤੀ ਰਾਤ ਬੰਦ ਕਰ ਦਿੱਤੀ ਗਈ ਹੈ। ਇਨ੍ਹਾਂ ਦੋਵਾਂ ਟੌਲ ਪਲਾਜ਼ਿਆਂ ਤੋਂ ਪ੍ਰਤੀ ਮਹੀਨਾ ਕੁੱਲ 87 ਲੱਖ ਰੁਪਏ ਪ੍ਰਾਪਤ ਹੁੰਦੇ ਸਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਵੱਲੋਂ ਵੱਧ ਰਹੀ ਮਹਿੰਗਾਈ ਦੌਰਾਨ ਪੰਜਾਬ ਦੇ ਲੋਕਾਂ ਨੂੰ ਸਿੱਧੀ ਵਿੱਤੀ ਰਾਹਤ ਦੇਣ ਦੇ ਯਤਨਾਂ ਦਾ ਹਿੱਸਾ ਹੈ। ਇਨ੍ਹਾਂ ਦੋਵਾਂ ਟੌਲ ਪਲਾਜ਼ਿਆਂ ਦੇ ਬੰਦ ਹੋਣ ਨਾਲ ਸੂਬੇ ਭਰ ਵਿੱਚ ਬੰਦ ਪਏ ਟੌਲ ਪਲਾਜ਼ਿਆਂ ਦੀ ਕੁੱਲ ਗਿਣਤੀ 18 ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਪਟਿਆਲਾ-ਨਾਭਾ-ਮਾਲੇਰਕੋਟਲਾ ਰੋਡ ਸਣੇ ਕਈ ਟੌਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ।