ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 6 ਅਗਸਤ
ਰਾਏਕੋਟ ਮਾਰਗ ’ਤੇ ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਨਿੱਜੀ ਸਕੂਲ ਦੀ ਬੱਸ ਦਰੱਖ਼ਤ ਨਾਲ ਟਕਰਾ ਗਈ। ਇਸ ਹਾਦਸੇ ’ਚ ਇੱਕ ਬੱਚੇ ਦੀ ਮੌਤ ਹੋ ਗਈ ਜਦਕਿ ਕਈ ਬੱਚੇ ਜ਼ਖ਼ਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਉਂ ਦੇ ਇੱਕ ਨਿੱਜੀ ਸਕੂਲ ਦਾ ਵੈਨ ਚਾਲਕ ਪਿੰਡ ਅਖਾੜਾ, ਡੱਲਾ ਆਦਿ ਪਿੰਡਾਂ ਵਿੱਚੋਂ ਬੱਚੇ ਲੈ ਕੇ ਜਾ ਰਿਹਾ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਥਾਨਕ ਸਾਇੰਸ ਕਾਲਜ ਕੋਲ ਕਿਸੇ ਵਾਹਨ ਨੂੰ ਓਵਰਟੇਕ ਕਰਨ ਲੱਗਿਆਂ ਵੈਨ ਬੇਕਾਬੂ ਹੋ ਗਈ ਤੇ ਸੜਕ ਕਿਨਾਰੇ ਦਰੱਖ਼ਤ ਨਾਲ ਟਕਰਾ ਗਈ।
ਵੈਨ ਵਿੱਚ ਸਵਾਰ ਬੱਚੇ ਬਾਹਰ ਡਿੱਗ ਪਏ ਅਤੇ ਇੱਕ ਬੱਚੇ ਦੀ ਵੈਨ ਦੇ ਟਾਇਰ ਹੇਠ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਗੁਰਮਨ ਸਿੰਘ (6) ਜਮਾਤ ਪਹਿਲੀ ਪਿੰਡ ਅਖਾੜਾ ਵਾਸੀ ਵਜੋਂ ਹੋਈ ਹੈ। ਜ਼ਖ਼ਮੀਆਂ ਦੀ ਪਛਾਣ ਅਕਾਸ਼ਦੀਪ ਕੌਰ, ਅਰਸ਼ਦੀਪ ਕੌਰ, ਗੁਰਸਾਹਿਬ ਸਿੰਘ ਸਾਰੇ ਵਾਸੀ ਡੱਲਾ, ਸੁਖਮਨ ਸਿੰਘ ਅਤੇ ਗੁਰਲੀਨ ਕੌਰ ਵਾਸੀ ਪਿੰਡ ਅਖਾੜਾ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਇੱਥੋਂ ਦੇ ਇੱਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚੋਂ ਤਿੰਨ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੋ ਘੰਟੇ ਦੀ ਦੇਰੀ ਨਾਲ ਮੌਕੇ ’ਤੇ ਪੁੱਜਿਆ। ਸਕੂਲ ਪ੍ਰਿੰਸੀਪਲ ਅਤੇ ਅਧਿਆਪਕ ਵੀ ਹਾਦਸੇ ਵਾਲੀ ਥਾਂ ’ਤੇ ਨਹੀਂ ਪਹੁੰਚੇ, ਜਿਸ ਕਾਰਨ ਲੋਕਾਂ ’ਚ ਰੋਸ ਦੇਖਣ ਨੂੰ ਮਿਲਿਆ ਤੇ ਲੋਕਾਂ ਨੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਘਟਨਾ ਵਾਪਰਨ ਤੋਂ ਬਾਅਦ ਡਰਾਈਵਰ ਫ਼ਰਾਰ ਹੋ ਗਿਆ। ਪਿੰਡ ਅਖਾੜਾ ਦੇ ਵਾਸੀਆਂ ਅਤੇ ਪੀੜਤ ਮਾਪਿਆਂ ਨੇ ਵੈਨ ਦੇ ਡਰਾਈਵਰ ’ਤੇ ਨਸ਼ਾ ਕਰਨ ਦੇ ਦੋਸ਼ ਵੀ ਲਾਏ ਹਨ।
ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਮਾਮਲੇ ਦਾ ਸਖ਼ਤ ਨੋਟਿਸ ਲਿਆ
ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਮੁਹਾਲੀ ਦੇ ਡਿਪਟੀ ਡਾਇਰੈਕਟਰ ਕਮ-ਚੇਅਰਮੈਨ ਰਾਜਵਿੰਦਰ ਸਿੰਘ ਗਿੱਲ ਨੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਸੀਨੀਅਰ ਪੁਲੀਸ ਕਪਤਾਨ (ਲੁਧਿਆਣਾ) ਦਿਹਾਤੀ ਨੂੰ ਪੱਤਰ ਜਾਰੀ ਕੀਤਾ ਹੈ। ਉਨ੍ਹਾਂ ਪੱਤਰ ਰਾਹੀਂ ਮਾਮਲੇ ਜਾਂਚ ਕਰ ਕੇ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸੜਕ ਹਾਦਸੇ ਵਿੱਚ ਪਤੀ-ਪਤਨੀ ਦੀ ਮੌਤ; ਬੱਚੀ ਦਾ ਬਚਾਅ
ਕੁੱਪ ਕਲਾਂ (ਪੱਤਰ ਪ੍ਰੇਰਕ):
ਲੁਧਿਆਣਾ-ਮਾਲੇਰਕੋਟਲਾ ਮੁੱਖ ਮਾਰਗ ’ਤੇ ਜੰਡਾਲੀ ਚੌਕ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ ਅਤੇ ਛੋਟੀ ਬੱਚੀ ਦਾ ਬਚਾਅ ਹੋ ਗਿਆ। ਮ੍ਰਿਤਕਾਂ ਦੀ ਪਛਾਣ ਲਖਵਿੰਦਰ ਸਿੰਘ (30), ਜਸਪ੍ਰੀਤ ਕੌਰ (28) ਵਾਸੀ ਡੇਹਲੋਂ ਨੇੜਲੇ ਪਿੰਡ ਨੰਗਲ ਵਜੋਂ ਹੋਈ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਸੜਕ ’ਤੇ ਪੈਂਦੇ ਜੰਡਾਲੀ ਚੌਕ ’ਚ ਵਾਪਰੇ ਇਸ ਹਾਦਸੇ ਵਿੱਚ ਮਾਲੇਰਕੋਟਲਾ ਵਾਲੇ ਪਾਸਿਓਂ ਆ ਰਿਹਾ ਮੋਟਰਸਾਈਕਲ ਸੰਤੁਲਨ ਵਿਗੜਨ ਕਾਰਨ ਹਾਦਸਾਗ੍ਰਸਤ ਹੋ ਗਿਆ। ਪੁਲੀਸ ਅਤੇ ਲੋਕਾਂ ਵੱਲੋਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਬੱਚੀ ਬਿਲਕੁਲ ਠੀਕ ਹੈ।