ਪੱਤਰ ਪ੍ਰੇਰਕ
ਰਤੀਆ, 6 ਅਗਸਤ
ਸ਼ਹਿਰ ਦੀ ਅਰੋੜਾ ਕਲੋਨੀ ਵਿੱਚ ਦਿਨ ਦਿਹਾੜੇ ਚੋਰਾਂ ਨੇ ਇਕ ਘਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਮਕਾਨ ਮਾਲਕ ਜਗਜੀਤ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਸਵੇਰੇ 10 ਵਜੇ ਉਸ ਦਾ ਪੂਰਾ ਪਰਿਵਾਰ ਆਪਣੇ ਪਿਛਲੇ ਪਿੰਡ ਦੇ ਮੰਦਰ ਵਿੱਚ ਮੱਥਾ ਟੇਕਣ ਲਈ ਗਿਆ ਸੀ ਅਤੇ ਘਰ ਵਿੱਚ ਕੋਈ ਵੀ ਨਹੀਂ ਸੀ। ਜਦੋਂ ਉਹ ਘਰ ਵਾਪਸ ਆਏ ਤਾਂ ਉਨ੍ਹਾਂ ਦੇਖਿਆ ਕਿ ਘਰ ਤੇ ਤਾਲੇ ਟੁੱਟੇ ਹੋਏ ਸਨ ਤੇ ਅਲਮਾਰੀ ਵਿੱਚੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਹੋ ਚੁੱਕੇ ਸਨ।
ਅਣਪਛਾਤੇ ਚੋਰਾਂ ਨੇ ਅਲਮਾਰੀ ਦੇ ਤਾਲੇ ਤੋੜ ਕੇ 10 ਤੋਲੇ ਸੋਨੇ ਦੇ ਗਹਿਣੇ ਅਤੇ 800 ਗ੍ਰਾਮ ਚਾਂਦੀ ਦੇ ਗਹਿਣੇ ਤੋਂ ਇਲਾਵਾ ਇੱਕ ਚਾਂਦੀ ਦੀ ਲਕਸ਼ਮੀ ਅਤੇ ਗਣੇਸ਼ ਜੀ ਦੀ ਮੂਰਤੀ ਵੀ ਚੋਰੀ ਕਰ ਕੇ ਲੈ ਗਏ ਹਨ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।