ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਅਗਸਤ
ਆਮ ਆਦਮੀ ਪਾਰਟੀ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਸੰਗਠਨ ਦੀ ਮਜ਼ਬੂਤੀ ਅਤੇ ਆਉਣ ਵਾਲੀਆਂ ਪੰਚਾਇਤੀ ਚੋਣਾਂ ਦੀ ਰਣਨੀਤੀ ਤਿਆਰ ਕਰਨ ਲਈ ਲੁਧਿਆਣਾ ਸਰਕਟ ਹਾਊਸ ਵਿੱਚ ਮਾਲਵਾ ਜ਼ੋਨ ਦੀ ਟੀਮ ਨਾਲ ਮੀਟਿੰਗ ਕੀਤੀ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਿੰਸੀਪਲ ਬੁੱਧਰਾਮ ਨੇ ਸਾਰੇ ਸਾਥੀਆਂ ਨੂੰ ਆਉਣ ਵਾਲੀਆਂ ਪੰਚਾਇਤੀ ਚੋਣਾਂ ਲਈ ਤਿਆਰ ਰਹਿਣ ਅਤੇ ਪਿੰਡਾਂ ਵਿੱਚ ਮੀਟਿੰਗਾਂ ਕਰਨ ਲਈ ਕਿਹਾ। ਇਸ ਦੌਰਾਨ ਉਨ੍ਹਾਂ ਨੇ ਸੂਬਾ ਤੇ ਜ਼ਿਲ੍ਹਾ ਪੱਧਰ ’ਤੇ ਪਾਰਟੀ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਸੁਝਾਅ ਲਏ ਅਤੇ ਕਿਹਾ ਕਿ ਪਾਰਟੀ ਦੇ ਮਿਹਨਤੀ ਵਾਲੰਟੀਅਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਨਾਲ ਹੀ ਉਨ੍ਹਾਂ ਸਾਰਿਆਂ ਨੂੰ ਲੋਕਾਂ ਦੇ ਕੰਮ ਪਹਿਲ ਦੇ ਅਧਾਰ ’ਤੇ ਕਰਵਾਉਣ ਲਈ ਵੀ ਕਿਹਾ।
ਚੇਅਰਮੈਨ (ਮਾਰਕਫੈੱਡ) ਅਤੇ ਪੰਜਾਬ ਦੇ ਸਕੱਤਰ ਅਮਨਦੀਪ ਸਿੰਘ ਮੋਹੀ ਨੇ ਮਾਲਵਾ ਜ਼ੋਨ ਦੀ ਟੀਮ ਦੇ ਸਾਥੀਆਂ ਨਾਲ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਦਾ ਲੁਧਿਆਣਾ ਪਹੁੰਚਣ ’ਤੇ ਸਵਾਗਤ ਕੀਤਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੀਆਂ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਲਈ ਮਾਲਵਾ ਜ਼ੋਨ ਦੀ ਟੀਮ ਦਿਨ ਰਾਤ ਮਿਹਨਤ ਕਰੇਗੀ ਤੇ ਪਾਰਟੀ ਨੂੰ ਬਹੁਮਤ ਨਾਲ ਜਿਤਾਏਗੀ।
ਮੀਟਿੰਗ ਵਿੱਚ ਸਕੱਤਰ ਪੰਜਾਬ ਅਤੇ ਚੇਅਰਮੈਨ ਮਾਰਕਫੈੱਡ ਅਮਨਦੀਪ ਸਿੰਘ ਮੋਹੀ, ਪੰਜਾਬ ਖਜ਼ਾਨਚੀ ਅਤੇ ਚੇਅਰਮੈਨ ਸੁਰੇਸ਼ ਗੋਇਲ, ਨਵਜੋਤ ਸਿੰਘ ਜਰਗ ਚੇਅਰਮੈਨ ਅਤੇ ਲੋਕ ਸਭਾ ਇੰਚਾਰਜ ਫਤਹਿਗੜ੍ਹ ਸਾਹਿਬ, ਡਾ ਦੀਪਕ ਬਾਂਸਲ ਲੋਕ ਸਭਾ ਇੰਚਾਰਜ ਲੁਧਿਆਣਾ, ਧਰਮਜੀਤ ਸਿੰਘ ਰਾਮੇਆਣਾ ਲੋਕ ਸਭਾ ਇੰਚਾਰਜ ਫਰੀਦਕੋਟ, ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਜ਼ਿਲ੍ਹਾ ਪ੍ਰਧਾਨ ਦਿਹਾਤੀ ਹਰਭੁਪਿੰਦਰ ਸਿੰਘ ਧਰੋੜ, ਅਜੈ ਲਿਬੜਾ, ਗੁਰਤੇਜ ਸਿੰਘ ਖੋਸਾ, ਮੋਗਾ ਪ੍ਰਧਾਨ ਹਰਮਨਜੀਤ ਸਿੰਘ ਦੀਦਾਰੇਵਾਲਾ, ਗੁਰਦਰਸ਼ਨ ਸਿੰਘ ਕੂਹਲੀ, ਵਕੀਲ ਪਰਮਵੀਰ ਸਿੰਘ, ਪ੍ਰਦੀਪ ਸਿੰਘ ਖਾਲਸਾ, ਪਿਆਰਾ ਸਿੰਘ ਬੱਧਨੀ ਸ਼ਾਮਲ ਹੋਏ।