ਨਵੀਂ ਦਿੱਲੀ, 7 ਅਗਸਤ
ਸਟਾਰ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਅੱਜ ਸਵੇਰੇ ਦੇਸ਼ ਪਰਤ ਆਈ। ਇਥੇ ਨਵੀਂ ਦਿੱਲੀ ’ਚ ਉਸ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਪ੍ਰਸ਼ੰਸਕਾਂ ਨੇ ਉਸ ਨੂੰ ਮੋਢਿਆਂ ’ਤੇ ਚੁੱਕ ਕੇ, ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਓਲੰਪਿਕ ’ਚ ਦੋ ਤਗਮੇ ਜਿੱਤ ਕੇ ਭਾਕਰ ਨੇ ਦੇਸ਼ ਦਾ ਮਾਣ ਵਧਾਇਆ ਹੈ। ਏਅਰ ਇੰਡੀਆ ਦੀ ਉਡਾਣ (ਏਆਈ 142) ਜੋ ਭਾਕਰ ਨੂੰ ਪੈਰਿਸ ਤੋਂ ਦਿੱਲੀ ਲੈ ਕੇ ਆਈ ਸੀ, ਸਵੇਰੇ 9:20 ਵਜੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕ ਘੰਟਾ ਦੇਰੀ ਨਾਲ ਉਤਰੀ। ਸ਼ਹਿਰ ਵਿੱਚ ਸਵੇਰ ਸਮੇਂ ਬੂੰਦਾ-ਬਾਂਦੀ ਹੋਣ ਦੇ ਬਾਵਜੂਦ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਹਵਾਈ ਅੱਡੇ ’ਤੇ ਬੈਠੇ ਸੈਂਕੜੇ ਲੋਕਾਂ ਨੇ ਉਸ ਦਾ ਅਤੇ ਉਸ ਦੇ ਕੋਚ ਜਸਪਾਲ ਰਾਣਾ ਦਾ ਸ਼ਾਨਦਾਰ ਸਵਾਗਤ ਕੀਤਾ। 22 ਸਾਲਾ ਭਾਕਰ ਨੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ਅਤੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਇੱਕ-ਇੱਕ ਕਾਂਸੀ ਦਾ ਤਗਮਾ ਜਿੱਤਿਆ। ਮਿਕਸਡ ਟੀਮ ਇਵੈਂਟ ’ਚ ਉਸ ਨੇ ਸਰਬਜੋਤ ਸਿੰਘ ਨਾਲ ਮਿਲ ਕੇ ਦੇਸ਼ ਲਈ ਓਲੰਪਿਕ ਇਤਿਹਾਸ ਰਚਿਆ। ਹਵਾਈ ਅੱਡੇ ਦੇ ਬਾਹਰ ਭੀੜ ਨੂੰ ਕਾਬੂ ’ਚ ਰੱਖਣ ਲਈ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਸੀ। ਪੁਲੀਸ ਦੀ ਮੁਸਤੈਦੀ ਦੇ ਬਾਵਜੂਦ ਲੋਕਾਂ ਦਾ ਜੋਸ਼ ਇੰਨਾ ਜ਼ਿਆਦਾ ਸੀ ਕਿ ਹਵਾਈ ਅੱਡੇ ਤੋਂ ਬਾਹਰ ਨਿਕਲਦੇ ਹੀ ਭਾਕਰ ਅਤੇ ਰਾਣਾ ਨੂੰ ਆਖ਼ਰਕਾਰ ਇਕੱਠ ਨੇ ਮੋਢਿਆਂ ’ਤੇ ਚੁੱਕ ਲਿਆ। -ਪੀਟੀਆਈ