ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਅਗਸਤ
ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਵਾਰ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੁਲਤਵੀ ਕਰਨ ਦੀ ਡੰਗ ਟਪਾਊ ਨੀਤੀ ਦੇ ਵਿਰੋਧ ਵਿੱਚ ਡੀਸੀ ਕੰਪਲੈਕਸ ਦੇ ਬਾਹਰ ਰੈਲੀ ਕੀਤੀ ਗਈ ਅਤੇ ਪੁਤਲਾ ਸਾੜ ਕੇ ਰੋਸ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਫਰੰਟ ਦੇ ਕਨਵੀਨਰ ਗੁਰਮੇਲ ਸਿੰਘ ਮੈਲਡੇ ਸਮੇਤ ਹੋਰ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ’ਚ ਚਰਨ ਸਿੰਘ ਸਰਾਭਾ, ਦਲੀਪ ਸਿੰਘ, ਸੁਸ਼ੀਲ ਕੁਮਾਰ, ਪ੍ਰਵੀਨ ਕੁਮਾਰ, ਜਗਮੇਲ ਸਿੰਘ, ਸੁਰਿੰਦਰ ਸਿੰਘ ਬੈਂਸ ਤੇ ਵਿਨੋਦ ਕੁਮਾਰ ਆਦਿ ਨੇ ਕਿਹਾ ਕਿ ਪੰਜਾਬ ਦੇ 7 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ।
ਆਗੂਆਂ ਐਲਾਨ ਕੀਤਾ ਕਿ ਦਿ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਵੱਲੋਂ 14-15 ਅਗਸਤ ਨੂੰ ਰਾਜ ਭਰ ਵਿੱਚ ਮੁਜ਼ਾਹਰੇ/ਭੁੱਖ ਹੜਤਾਲਾਂ ਕਰਕੇ ਝੰਡਾ ਲਹਿਰਾਉਣ ਆਏ ਮੰਤਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗਾਂ ਦੇ ਯਾਦ ਪੱਤਰ ਭੇਜੇ ਜਾਣਗੇ। ਖੰਨਾ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਪਾਵਰਕੌਮ ਮੰਡਲ ਦਫ਼ਤਰ ਅੱਗੇ ਸਾਂਝਾ ਫਰੰਟ ਤੇ ਸੂਬਾ ਕਮੇਟੀ ਦੇ ਸੱਦੇ ’ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਗੁਰਸੇਵਕ ਸਿੰਘ ਮੋਹੀ ਦੀ ਪ੍ਰਧਾਨਗੀ ਹੇਠਾਂ ਮੰਗਾਂ ਸਬੰਧੀ ਅੱਜ ਧਰਨਾ ਦਿੰਦਿਆਂ ਸਰਕਾਰ ਦੀ ਅਰਥੀ ਫੂਕੀ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੋਹਨ ਸਿੰਘ ਸ਼ੰਭੂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਮੰਗਾਂ ਸਬੰਧੀ 25 ਜੁਲਾਈ ਨੂੰ ਮੀਟਿੰਗ ਕਰ ਕੇ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪ੍ਰਤੂੰ ਸਮੇਂ ’ਤੇ ਮੀਟਿੰਗ ਰੱਦ ਕਰ ਕੇ 2 ਅਗਸਤ ਕਰ ਦਿੱਤੀ ਪਰ ਹੁਣ ਮੁੜ 22 ਅਗਸਤ ਦਾ ਸਮਾਂ ਦੇ ਦਿੱਤਾ ਗਿਆ, ਜਿਸ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਲਾਰਾ ਲਾਊ ਸਾਬਤ ਹੋ ਰਹੀ ਹੈ।