ਕੁਲਦੀਪ ਸਿੰਘ
ਚੰਡੀਗੜ੍ਹ, 7 ਅਗਸਤ
ਸਟਾਫ਼ ਦੀ ਘਾਟ ਕਾਰਨ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਅਧੀਨ ਪੌਲੀਟੈਕਨਿਕ ਕਾਲਜਾਂ ਦੀਆਂ ਵਰਕਸ਼ਾਪਾਂ ਨੂੰ ਜਿੰਦਰੇ ਲੱਗ ਚੁੱਕੇ ਹਨ ਪਰ ਸਬੰਧਤ ਵਿਭਾਗ ਚੁੱਪ ਧਾਰੀ ਬੈਠਾ ਹੈ। ਇਸੇ ਮਸਲੇ ਨੂੰ ਲੈ ਕੇ ਚੇਅਰਮੈਨ ਜਸਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਪੌਲੀਟੈਕਨਿਕ ਵਰਕਸ਼ਾਪ ਸਟਾਫ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵਿਚਾਰ-ਚਰਚਾ ਕੀਤੀ ਗਈ। ਐਸੋਸੀਏਸ਼ਨ ਦੇ ਮੈਂਬਰ ਨੇ ਦੱਸਿਆ ਕਿ ਪਿਛਲੇ 26 ਸਾਲਾਂ ਤੋਂ ਵਰਕਸ਼ਾਪ ਵਿਭਾਗ ਵਿੱਚ ਇੱਕ ਵੀ ਪੋਸਟ ਨਹੀਂ ਭਰੀ ਗਈ। ਉਨ੍ਹਾਂ ਕਿਹਾ ਕਿ ਸੂਬੇ ਭਰ ਦੇ ਕਾਲਜਾਂ ਵਿੱਚ ਵਰਕਸ਼ਾਪ ਇੰਸਟਰੱਕਟਰਾਂ ਦੀਆਂ ਮਨਜ਼ੂਰਸ਼ੁਦਾ 201 ਪੋਸਟਾਂ ਵਿੱਚੋਂ 174 ਖ਼ਾਲੀ ਹਨ ਜਿਨ੍ਹਾਂ ਦੀ ਭਰਤੀ ਲਈ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਵੱਲੋਂ ਸਰਕਾਰ ਨੂੰ ਪੱਤਰ ਵੀ ਲਿਖੇ ਜਾ ਚੁੱਕੇ ਹਨ। ਇਸੇ ਤਰ੍ਹਾਂ ਵਰਕਸ਼ਾਪ ਸੁਪਰਡੈਂਟਾਂ ਦੀਆਂ 21 ਅਸਾਮੀਆਂ ’ਚੋਂ ਸਿਰਫ ਦੋ ਵਰਕਸ਼ਾਪ ਸੁਪਰਡੈਂਟ ਸਿੱਧੀ ਭਰਤੀ ਵਾਲੇ ਕੰਮ ਕਰ ਰਹੇ ਹਨ। ਪਦਉੱਨਤੀ ਕੋਟੇ ਦੀਆਂ ਸਾਰੀਆਂ 11 ਅਸਾਮੀਆਂ ਖ਼ਾਲੀ ਹਨ।
ਮੀਟਿੰਗ ਵਿਚ ਚੇਅਰਮੈਨ ਜਸਵੀਰ ਸਿੰਘ ਮਾਂਹਪੁਰ ਅਤੇ ਪੈਟਰਨ ਰਾਮ ਸਰੂਪ ਨੇ ਵਰਕਸ਼ਾਪ ਇੰਸਟਰੱਕਟਰ ਤੋਂ ਫੋਰਮੈਨ ਇੰਸਟਰੱਕਟਰ ਅਤੇ ਫੋਰਮੈਨ ਇੰਸਟਰੱਕਟਰ ਤੋਂ ਵਰਕਸ਼ਾਪ ਸੁਪਰਡੈਂਟ ਦੀਆਂ ਤਰੱਕੀਆਂ ਪਹਿਲ ਦੇ ਆਧਾਰ ’ਤੇ ਕਰਨ ਦੀ ਮੰਗ ਕੀਤੀ। ਵਾਈਸ ਚੇਅਰਮੈਨ ਤੇਜ ਪ੍ਰਤਾਪ ਸਿੰਘ ਕਾਹਲੋਂ ਤੇ ਜਨਰਲ ਸਕੱਤਰ ਜਸਵੀਰ ਸਿੰਘ ਰੱਖੜਾ ਨੇ ਵਰਕਸ਼ਾਪ ਇੰਸਟਰੱਕਟਰਾਂ ਦੀ ਭਰਤੀ ਅਤੇ ਮੈਡੀਕਲ ਛੁੱਟੀ ਸਬੰਧੀ ਮਤਾ ਪੇਸ਼ ਕੀਤਾ।
ਸੂਬਾ ਪ੍ਰਧਾਨ ਰੀਤਵਿੰਦਰ ਸਿੰਘ ਬਡਬਰ ਨੇ ਦੱਸਿਆ ਕਿ ਇਸ ਵੇਲੇ ਸਰਕਾਰੀ ਪੌਲੀਟੈਕਨਿਕ ਕਾਲਜ ਅੰਮ੍ਰਿਤਸਰ ਦੀਆਂ ਮਨਜ਼ੂਰਸ਼ੁਦਾ 14 ਪੋਸਟਾਂ ’ਚੋਂ 11 ਪੋਸਟਾਂ ਖ਼ਾਲੀ ਹਨ। ਇਸੇ ਤਰ੍ਹਾਂ ਬਟਾਲਾ ਕਾਲਜ ਦੀਆਂ 10 ’ਚੋਂ 8, ਹੁਸ਼ਿਆਰਪੁਰ ਦੀਆਂ 12 ’ਚੋਂ 10, ਬਠਿੰਡਾ ਦੀਆਂ 13 ’ਚੋਂ 13, ਬਹਿਰਾਮ 10 ’ਚੋਂ 8, ਫਿਰੋਜ਼ਪੁਰ 10 ’ਚੋਂ 8, ਖੂਨੀਮਾਜਰਾ (ਖਰੜ) 10 ’ਚੋਂ 9, ਬਡਬਰ (ਬਰਨਾਲਾ) 10 ’ਚੋਂ 9, ਜੀਟੀਬੀ ਗੜ੍ਹ (ਮੋਗਾ) 10 ’ਚੋਂ 9, ਰਾਣਵਾਂ 10 ’ਚੋਂ 9, ਰੋਪੜ ਦੀਆਂ 6 ’ਚੋਂ 4, ਤਲਵਾੜਾ ਦੀਆਂ 6 ’ਚੋਂ 5, ਬਰੇਟਾ (ਮਾਨਸਾ) ਦੀਆਂ ਸਾਰੀਆਂ 10, ਬੇਗੋਵਾਲ ਦੀਆਂ 10, ਭਿੱਖੀਵਿੰਡ ਦੀਆਂ 10, ਦੀਨਾਨਗਰ ਦੀਆਂ 8, ਫਤੂਹੀਖੇੜਾ ਦੀਆਂ 10, ਕੋਟਕਪੂਰਾ ਦੀਆਂ 8, ਲੁਧਿਆਣੇ ਦੀਆਂ 6 ’ਚੋਂ 4 ਅਤੇ ਪਟਿਆਲਾ ਦੇ ਕਾਲਜ ਦੀਆਂ 6 ਪੋਸਟਾਂ ਖ਼ਾਲੀ ਹਨ। ਇਸ ਤੋਂ ਇਲਾਵਾ ਲੜਕੀਆਂ ਦੇ ਪੌਲੀਟੈਕਨਿਕ ਕਾਲਜ ਅੰਮ੍ਰਿਤਸਰ ਦੀਆਂ 6 ’ਚੋਂ 1 ਅਤੇ ਜਲੰਧਰ ਦੀਆਂ 6 ’ਚੋਂ 3 ਪੋਸਟਾਂ ਖ਼ਾਲੀ ਹਨ। ਐਸੋਸੀਏਸ਼ਨ ਦੇ ਵਾਈਸ ਚੇਅਰਮੈਨ ਤੇਜ ਪ੍ਰਤਾਪ ਸਿੰਘ ਕਾਹਲੋਂ ਨੇ ਮੰਤਰੀ ਹਰਜੋਤ ਸਿੰਘ ਬੈਂਸ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਤਰੱਕੀ ਵਾਲੀਆਂ ਅਸਾਮੀਆਂ ਦੋ ਮਹੀਨਿਆਂ ਵਿੱਚ ਭਰਨ ਲਈ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਕੀਤੀ। ਮੀਟਿੰਗ ਵਿੱਚ, ਵਿੱਤ ਸਕੱਤਰ ਜਸਪਾਲ ਸਿੰਘ ਲੁਧਿਆਣਾ, ਰਾਮ ਸਰੂਪ ਅੰਮ੍ਰਿਤਸਰ, ਗੁਰਜੀਤ ਸਿੰਘ ਬਠਿੰਡਾ, ਨਰਿੰਦਰ ਸਿੰਘ ਫਤੂਹੀ ਖੇੜਾ (ਫਾਜ਼ਿਲਕਾ), ਠਾਕੁਰ ਪ੍ਰਕਾਸ਼ ਸਿੰਘ ਬਹਿਰਾਮ (ਨਵਾਂ ਸ਼ਹਿਰ) ਵੀ ਹਾਜ਼ਰ ਸਨ।