ਹਤਿੰਦਰ ਮਹਿਤਾ
ਜਲੰਧਰ, 7 ਅਗਸਤ
ਵਧੀਕ ਸੈਸ਼ਨ ਜੱਜ-ਕਮ-ਵਿਸ਼ੇਸ਼ ਜੱਜ ਪੀਐੱਮਐੱਲਏ ਧਰਮਿੰਦਰ ਪਾਲ ਸਿੰਗਲਾ ਦੀ ਅਦਾਲਤ ਨੇ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਦੀ ਉਲੰਘਣਾ ਦੇ ਇੱਕ ਸ਼ੱਕੀ ਮਾਮਲੇ ਵਿੱਚ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਪੰਜ ਦਿਨ ਦਾ ਹੋਰ ਰਿਮਾਂਡ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਆਸ਼ੂ ਨੂੰ ਪਹਿਲੀ ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਸੰਮਨ ਜਾਰੀ ਹੋਣ ’ਤੇ ਈਡੀ ਦੇ ਜਲੰਧਰ ਦਫਤਰ ’ਚ ਪੇਸ਼ ਹੋਇਆ ਸੀ। ਉਸ ’ਤੇ ਦੋਸ਼ ਸੀ ਕਿ ਉਹ ਪੁੱਛਗਿੱਛ ਦੌਰਾਨ ਜਾਂਚ ਏਜੰਸੀ ਦੇ ਅਧਿਕਾਰੀਆਂ ਨਾਲ ਸਹਿਯੋਗ ਨਹੀਂ ਕਰ ਰਿਹਾ। ਦੋ ਅਗਸਤ ਨੂੰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਉਸ ਨੂੰ ਅੱਜ ਤੱਕ ਰਿਮਾਂਡ ’ਤੇ ਭੇਜ ਦਿੱਤਾ ਗਿਆ ਸੀ। ਅੱਜ ਉਸ ਨੂੰ ਮੁੜ ਈਡੀ ਨੇ ਅਦਾਲਤ ਵਿੱਚ ਪੇਸ਼ ਕਰਕੇ ਉਸ ਦੇ ਰਿਮਾਂਡ ਵਿੱਚ ਸੱਤ ਦਿਨ ਦਾ ਵਾਧਾ ਕਰਨ ਦੀ ਮੰਗ ਕੀਤੀ ਪਰ ਅਦਾਲਤ ਨੇ ਉਸ ਦਾ 12 ਅਗਸਤ ਤੱਕ ਰਿਮਾਂਡ ਦਿੱਤਾ। ਆਸ਼ੂ ਦੇ ਵਕੀਲਾਂ ਮਨਦੀਪ ਸਚਦੇਵ ਤੇ ਮੇਹਰ ਸਚਦੇਵ ਨੇ ਈਡੀ ਦੇ ਵਕੀਲ ਅਜੈ ਪਠਾਨੀਆ ਨਾਲ ਦੋ ਘੰਟੇ ਤੋਂ ਵੱਧ ਸਮਾਂ ਬਹਿਸ ਕੀਤੀ। ਆਸ਼ੂ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਆਸ਼ੂ ਦੀ ਗ੍ਰਿਫਤਾਰੀ ਗੈ਼ਰਕਾਨੂੰਨੀ ਹੈ ਅਤੇ ਪੀਐੱਮਐੱਲਏ ਦੀ ਧਾਰਾ 19 ਵਿੱਚ ਦਰਜ ਵਿਵਸਥਾਵਾਂ ਦੇ ਉਲਟ ਹੈ। ਉਨ੍ਹਾਂ ਨੇ ਉਸ ਦੀ ਜ਼ਮਾਨਤ ਤੇ ਰਿਹਾਈ ਦੀ ਮੰਗ ਕੀਤੀ। ਵਿਧਾਇਕ ਪਰਗਟ ਸਿੰਘ ਸਣੇ ਕਈ ਕਾਂਗਰਸੀ ਆਗੂ ਅੱਜ ਅਦਾਲਤ ’ਚ ਆਸ਼ੂ ਨੂੰ ਮਿਲਣ ਪਹੁੰਚੇ ਸਨ।