ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 7 ਅਗਸਤ
ਪਿੰਡ ਬਡੇਸਰੋਂ ਦੇ ਨੌਜਵਾਨ ਲਲਿਤ ਕੁਮਾਰ ਉਰਫ ਮਨੂ ਦੀ ਦੋ ਦਿਨ ਪਹਿਲਾਂ ਪਿੰਡ ਰਾਮਪੁਰ ਬਿਲੜੋਂ ਦੇ ਬਾਹਰਵਾਰ ਭੇਤ -ਰੀ ਹਾਲਤ ਵਿੱਚ ਮਿਲੀ ਲਾਸ਼ ਸਬੰਧੀ ਪੁਲੀਸ ਵੱਲੋਂ ਮਾਮਲਾ ਕਥਿਤ ਤੌਰ ’ਤੇ ਰਫਾ ਦਫਾ ਕਰਨ ਦੇ ਰੋਸ ਵਜੋਂ ਅੱਜ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਦਾ ਇੱਕ ਇਕੱਠ ਪਿੰਡ ਬਡੇਸਰੋਂ ਵਿੱਚ ਹੋਇਆ। ਇਸ ਮੌਕੇ ਮ੍ਰਿਤਕ ਲਲਿਤ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਪੈਸਿਆਂ ਦੇ ਲੈਣ-ਦੇਣ ਪਿੱਛੇ ਨਜ਼ਦੀਕੀ ਪਿੰਡ ਦੇ ਇੱਕ ਵਸਨੀਕ ਨਾਲ ਵਿਵਾਦ ਸੀ ਤੇ ਇਸੇ ਕਾਰਨ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ ਜਦਕਿ ਪੁਲੀਸ ਇਸ ਮਾਮਲੇ ਨੂੰ ਖੁਦਕੁਸ਼ੀ ਨਾਲ ਜੋੜਨ ਦਾ ਯਤਨ ਕਰ ਰਹੀ ਹੈ। ਮ੍ਰਿਤਕ ਦੇ ਪਿਤਾ ਰਾਮਪਾਲ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਦੇ ਇੱਕ ਵਿਅਕਤੀ ਤੋਂ ਉਨ੍ਹਾਂ ਦੇ ਪੁੱਤਰ ਨੇ ਕਰੀਬ 3 ਲੱਖ ਰੁਪਏ ਲੈਣੇ ਸਨ ਜਿਸ ਦੀ ਮੰਗ ਕਰਨ ’ਤੇ ਉਸਦੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਪਿੰਡ ਦੇ ਬਾਹਰ ਝਾੜੀਆਂ ਵਿੱਚ ਸੁੱਟ ਦਿੱਤੀ ਗਈ।
ਉਨ੍ਹਾਂ ਦੋਸ਼ ਲਾਇਆ ਕਿ ਇਸ ਸਬੰਧੀ ਪੁਲੀਸ ਨੇ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕਰਨ ਦੀ ਥਾਂ ਇਸ ਕੇਸ ਸਬੰਧੀ ਕੋਈ ਸੁਣਵਾਈ ਨਹੀਂ ਕੀਤੀ। ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪੁਲੀਸ ਨੇ ਇੱਕ ਦੋ ਦਿਨਾਂ ਵਿੱਚ ਕਥਿਤ ਕਾਤਲਾਂ ਨੂੰ ਨਹੀਂ ਫੜਿਆ ਤਾਂ ਉਹ ਇਸ ਸਬੰਧੀ ਤਿੱਖਾ ਸੰਘਰਸ਼ ਕਰਨਗੇ।
ਇਸ ਮੌਕੇ ਸੁਰਿੰਦਰ ਕੁਮਾਰ, ਰਾਧਾ ਰਾਣੀ, ਮਮਤਾ ਕੁਮਾਰੀ, ਵਿਜੇ ਕੁਮਾਰ, ਮਨਜੀਤ ਕੁਮਾਰ, ਮਨਪ੍ਰੀਤ ਸਿੰਘ, ਇਸ਼ਾਨ ਕੁਮਾਰ ਆਦਿ ਸਮੇਤ ਅਨੇਕਾਂ ਪਿੰਡ ਵਾਸੀ ਹਾਜ਼ਰ ਸਨ। ਐੱਸਐੱਚਓ ਬਲਜਿੰਦਰ ਸਿੰਘ ਮੱਲੀ ਨੇ ਕਿਹਾ ਕਿ ਇਸ ਸਬੰਧੀ ਮਾਮਲੇ ਦੀ ਤਫਤੀਸ਼ ਕੀਤੀ ਗਈ ਹੈ ਅਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਪਰਿਵਾਰ ਵੱਲੋਂ ਥਾਣੇ ਅੰਦਰ ਧਰਨਾ
ਤਰਨ ਤਾਰਨ (ਗੁਰਬਖਸ਼ਪੁਰੀ): ਪਿੰਡ ਪੰਡੋਰੀ ਰਹਿਮਾਨਾਂ ਦੇ ਇੱਕ ਪਰਿਵਾਰ ਨੇ ਜਾਇਦਾਦ ਦੇ ਇੱਕ ਮਾਮਲੇ ਵਿੱਚ ਪੁਲੀਸ ਵੱਲੋਂ ਕਥਿਤ ਤੌਰ ’ਤੇ ਨਿਆਂ ਨਾ ਦੇਣ ਖ਼ਿਲਾਫ਼ ਥਾਣਾ ਅੰਦਰ ਪੁਲੀਸ ਵਿਰੁੱਧ ਧਰਨਾ ਦਿੱਤਾ ਅਤੇ ਨਿਆਂ ਮਿਲਣ ਤੱਕ ਧਰਨਾ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ| ਪੀੜਤ ਪਰਿਵਾਰ ਦੇ ਮੁਖੀ ਭਗਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜ਼ਮੀਨ ਉੱਤੇ ਕਬਜ਼ਾ ਕਰਨ ਦੀ ਨੀਅਤ ਨਾਲ ਉਨ੍ਹਾਂ ਦੇ ਵਿਰੋਧੀ ਧਿਰ ਦੇ 10 ਹਥਿਆਰਬੰਦ ਜਣਿਆਂ ਨੇ ਉਨ੍ਹਾਂ ਦੀ ਜ਼ਮੀਨ ਵਿੱਚ ਉੱਗੇ ਦਰੱਖਤ ਪੁੱਟ ਦਿੱਤੇ ਅਤੇ ਜ਼ਮੀਨ ਹੇਠ ਵਿਛਾਈਆਂ ਪਾਣੀ ਦੀਆਂ ਪਾਈਪਾਂ ਪੁੱਟ ਸੁੱਟੀਆਂ| ਭਗਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਵਿੱਚ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚ ਕੀਤੀ ਹੈ, ਪਰ ਪੁਲੀਸ ਉਨ੍ਹਾਂ ਨੂੰ ਨਿਆਂ ਦੇਣ ਤੋਂ ਇਨਕਾਰ ਕਰਦੀ ਆ ਰਹੀ ਹੈ| ਪਰਿਵਾਰ ਨੇ ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਅਤੇ ਡੀਐੱਸਪੀ ਤਰਸੇਮ ਮਸੀਹ ’ਤੇ ਉਨ੍ਹਾਂ ਨੂੰ ਖੱਜਲ ਖੁਆਰ ਕਰਨ ਦਾ ਦੋਸ਼ ਲਾਇਆ ਹੈ| ਖ਼ਬਰ ਲਿਖੇ ਜਾਣ ਤੱਕ ਪੀੜਤ ਪਰਿਵਾਰ ਥਾਣਾ ਅੰਦਰ ਧਰਨੇ ’ਤੇ ਬੈਠਾ ਹੋਇਆ ਸੀ| ਥਾਣਾ ਮੁਖੀ ਪਰਮਜੀਤ ਸਿੰਘ ਕਿਹਾ ਕਿ ਉਹ ਮਾਮਲੇ ਦੇ ਸਾਰੇ ਪਹਿਲੂਆਂ ਤੋਂ ਉੱਚ ਅਧਿਕਾਰੀਆਂ ਨੂੰ ਜਾਣੂੰ ਕਰਵਾਉਣ ਉਪਰੰਤ ਕਾਰਵਾਈ ਕਰਨਗੇ|