ਨਵੀਂ ਦਿੱਲੀ, 8 ਅਗਸਤ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਸੂਬੇ ‘ਚ ਕਾਂਗਰਸ ਕੋਲ ਨੰਬਰ ਹੁੰਦੇ ਤਾਂ ਉਹ ਪਹਿਲਵਾਨ ਵਿਨੇਸ਼ ਫੋਗਾਟ ਨੂੰ ਰਾਜ ਸਭਾ ਲਈ ਨਾਮਜ਼ਦ ਕਰਦੇ। ਫੋਗਾਟ ਨੇ ਵੀਰਵਾਰ ਨੂੰ ਆਪਣੇ ਅੰਤਰਰਾਸ਼ਟਰੀ ਕੁਸ਼ਤੀ ਕਰੀਅਰ ਨੂੰ ਅਲਵਿਦਾ ਕਹਿੰਦਿਆਂ ਕਿਹਾ ਕਿ ਉਸ ਵਿੱਚ ਖੇਡ ਨੂੰ ਜਾਰੀ ਰੱਖਣ ਦੀ ਤਾਕਤ ਨਹੀਂ ਹੈ। ਸੋਸ਼ਲ ਮੀਡੀਆ ‘ਤੇ ਸੰਨਿਆਸ ਲੈਣ ਦੇ ਆਪਣੇ ਫੈਸਲੇ ਦੀ ਘੋਸ਼ਣਾ ਕਰਦੇ ਹੋਏ 29 ਸਾਲਾ ਫੋਗਾਟ ਨੇ ਉਸ ਦਾ ਸਮਰਥਨ ਕਰਨ ਵਾਲੇ ਹਰ ਵਿਅਕਤੀ ਤੋਂ ਮੁਆਫੀ ਮੰਗੀ। 50 ਕਿਲੋਗ੍ਰਾਮ ਵਰਗ ਵਿੱਚ ਸੋਨ ਤਗਮਾ ਜਿੱਤਣ ਤੋਂ ਪਹਿਲਾਂ 100 ਗ੍ਰਾਮ ਵੱਧ ਭਾਰ ਪਾਏ ਜਾਣ ਤੋਂ ਬਾਅਦ ਓਲੰਪਿਕ ਖੇਡਾਂ ਤੋਂ ਫੋਗਾਟ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਭੁਪਿੰਦਰ ਸਿੰਘ ਹੁੱਡਾ ਨੇ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਨੇਸ਼ ਫੋਗਾਟ ਨੂੰ ਉਪਰਲੇ ਸਦਨ ਵਿੱਚ ਭੇਜਿਆ ਜਾਣਾ ਚਾਹੀਦਾ ਹੈ। ਦੀਪੇਂਦਰ ਹੁੱਡਾ ਨੇ ਕਿਹਾ, ‘‘ਉਹ ਹਾਰੀ ਨਹੀਂ ਹੈ, ਉਹ ਜਿੱਤੀ ਹੈ। ਉਸ ਨੇ ਲੋਕਾਂ ਦੇ ਦਿਲ ਜਿੱਤੇ ਹਨ ਅਤੇ ਨੌਜਵਾਨਾਂ ਲਈ ਉਹ ਇੱਕ ਪ੍ਰੇਰਨਾ ਹੈ।’’ -ਏਜੰਸੀ