* ਸਪੇਨ ਨੂੰ 2-1 ਨਾਲ ਹਰਾਇਆ
* 1972 ਮਗਰੋਂ ਪਹਿਲੀ ਵਾਰ ਲਗਾਤਾਰ ਦੂਜਾ ਓਲੰਪਿਕ ਤਗ਼ਮਾ ਜਿੱਤਿਆ
ਪੈਰਿਸ ਤੋਂ ਰੋਹਿਤ ਮਹਾਜਨ
ਵੀਰਵਾਰ ਨੂੰ ਪੈਰਿਸ ਸਮੇਂ ਮੁਤਾਬਕ ਦੁਪਹਿਰ 3.51 ਵਜੇ ਦਾ ਉਹ ਮਾਣ-ਮੱਤਾ ਪਲ। ਟੀਮ ਦੇ ਪ੍ਰੇਰਨਾ ਸਰੋਤ ਖਿਡਾਰੀ ਅਤੇ ਗੋਲ ’ਤੇ ਕੰਧ ਬਣ ਕੇ ਡਟੇ ਰਹਿਣ ਵਾਲੇ ਪੀਆਰ ਸ੍ਰੀਜੇਸ਼ ਆਪਣੀ ਟੀਮ ਅੱਗੇ ਬਾਹਾਂ ਫੈਲਾ ਕੇ ਖੜ੍ਹੇ ਹੋ ਗਏ। ਜਿਵੇਂ ਉਹ ਸਾਰੇ 18 ਖਿਡਾਰੀਆਂ ਨੂੰ ਆਪਣੀ ਬੁੱਕਲ ਵਿੱਚ ਲੈ ਲੈਣਾ ਚਾਹੁੰਦੇ ਹੋਣ। ਟੀਮ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਦੀ ਜੈ-ਜੈਕਾਰ ਕੀਤੀ। ਕਿਉਂਕਿ ਉਹ ਇੱਕ ਅਜਿਹੇ ਸੰਕਟਮੋਚਕ ਹਨ ਜਿਨ੍ਹਾਂ ਬਾਰੇ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ, ‘‘ਉਹ ਹਮੇਸ਼ਾ ਟੀਮ ਨੂੰ ਬਚਾਉਂਦੇ ਹਨ, ਜਿਵੇਂ ਉਨ੍ਹਾਂ ਅੱਜ ਕੀਤਾ।’’ ਭਾਰਤ ਨੇ ਰੋਮਾਂਚਕ ਮੁਕਾਬਲੇ ਵਿੱਚ ਸਪੇਨ ਨੂੰ 2-1 ਨਾਲ ਹਰਾ ਕੇ ਹਾਕੀ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਭਾਰਤ ਨੇ 1972 ਮਗਰੋਂ ਪਹਿਲੀ ਵਾਰ ਲਗਾਤਾਰ ਦੂਸਰਾ ਓਲੰਪਿਕ ਹਾਕੀ ਤਗ਼ਮਾ ਜਿੱਤਿਆ। ਕਪਤਾਨ ਹਰਮਨਪ੍ਰੀਤ ਸਿੰਘ ਕਹਿੰਦੇ ਹਨ, ‘‘ਹਾਕੀ ਵਾਪਸ ਆ ਗਈ ਹੈ।’’ ਇਸ ਮਗਰੋਂ ਟੋਕੀਓ ਓਲੰਪਿਕ ਦੇ ਜਸ਼ਨ ਨੂੰ ਦੁਹਰਾਉਂਦਿਆਂ ਸ੍ਰੀਜੇਸ਼ ਗੋਲ ਪੋਸਟ ’ਤੇ ਚੜ੍ਹ ਗਏ। ਅਸਲ ਵਿੱਚ ਇਹ ਸ੍ਰੀਜੇਸ਼ ਦਾ ਆਖ਼ਰੀ ਮੈਚ ਸੀ। ਜਸ਼ਨ ਦੇ ਇਸ ਮਾਹੌਲ ਵਿੱਚ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਇਸ ਮਹਾਨ ਗੋਲਚੀ ਨੂੰ ਆਪਣੇ ਮੋਢਿਆਂ ’ਤੇ ਚੁੱਕ ਲਿਆ। ਸਪੇਨ ਨੇ ਇਸ ਮੁਕਾਬਲੇ ਵਿੱਚ ਭਾਰਤੀਆਂ ਨੂੰ ਅਖ਼ੀਰ ਤੱਕ ਸਖ਼ਤ ਚੁਣੌਤੀ ਦਿੱਤੀ। ਆਖ਼ਰੀ 60 ਸਕਿੰਟਾਂ (ਇੰਕ ਮਿੰਟ) ਵਿੱਚ ਚਾਰ ਪੈਨਲਟੀ ਕਾਰਨਰ ਹਾਸਲ ਕੀਤੇ, ਪਰ ਭਾਰਤੀ ਡਿਫੈਂਡਰ ਡਟੇ ਰਹੇ। ਜਿਵੇਂ ਕਿ ਕੋਚ ਕ੍ਰੈਗ ਫੁਲਟਨ ਨੇ ਕਿਹਾ, ‘‘ਟੀਮ ਪੂਰੀ ਤਰ੍ਹਾਂ ਤਿਆਰ ਸੀ। ਦਬਾਅ ਸਾਹਮਣੇ ਉਸ ਦਾ ਹੌਸਲਾ ਨਹੀਂ ਟੁੱਟਿਆ। ਸ਼ੁਰੂ ਤੋਂ ਹੀ ਹਮਲਾਵਰ ਸਪੇਨ ਨੇ ਆਖ਼ਰੀ ਪੰਜ ਮਿੰਟ ਵਿੱਚ ਭਾਰਤੀ ਖੇਤਰ ਵਿੱਚ ਲਗਾਤਾਰ ਹਮਲੇ ਕੀਤੇ। ਸਾਡੇ ਖਿਡਾਰੀ ਥੋੜ੍ਹੇ ਬੇਚੈਨ ਹੋ ਗਏ ਸਨ। ਹਰਮਨਪ੍ਰੀਤ, ਜੋ ਆਮ ਕਰਕੇ ਸ਼ਾਂਤ ਰਹਿੰਦੇ ਹਨ, ਨੇ ਆਖ਼ਰੀ ਮਿੰਟ ਵਿੱਚ ਭਾਰਤ ਦੇ ਡੇਂਜਰ ਏਰੀਏ ਵਿੱਚ ਜੋਰਡੀ ਬੋਨਾਸਟ੍ਰੇ ਨੂੰ ਪਛਾੜਿਆ ਅਤੇ ਇੱਕ ਹੋਰ ਪੈਨਲਟੀ ਕਾਰਨਰ ਦਿੱਤਾ। ਹਾਲਾਂਕਿ, ਭਾਰਤ ਗੇਂਦ ਨੂੰ ਰੋਕਣ ਵਿੱਚ ਸਫਲ ਰਿਹਾ। ਫਿਰ ਤਾਂ ਜਜ਼ਬਾਤ ਦਾ ਸੈਲਾਬ ਵਹਿ ਤੁਰਿਆ ਅਤੇ ਖਿਡਾਰੀ ਛਾਲਾਂ ਮਾਰਨ ਲੱਗੇ। ਕੋਚ ਵਜੋਂ ਅਹੁਦਾ ਸੰਭਾਲਣ ਮਗਰੋਂ ਪਿਛਲੇ 14 ਮਹੀਨਿਆਂ ਤੋਂ ਕ੍ਰੈਗ ਫੁਲਟਨ ਹਮੇਸ਼ਾ ਵਿਸ਼ਵਾਸ ਬਣਾਉਣ ਅਤੇ ਡਿਫੈਂਸ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੰਦੇ ਰਹੇ ਹਨ। ਅੱਜ ਫੁਲਟਨ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਸਨ।
ਪ੍ਰਧਾਨ ਮੰਤਰੀ ਮੋਦੀ ਵੱਲੋਂ ਭਾਰਤੀ ਹਾਕੀ ਟੀਮ ਨੂੰ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਸ਼ਾਨਦਾਰ ਖੇਡ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ। ਸ੍ਰੀ ਮੋਦੀ ਨੇ ਕਿਹਾ, ‘‘ਹਰੇਕ ਭਾਰਤੀ ਦਾ ਹਾਕੀ ਨਾਲ ਭਾਵੁਕ ਰਿਸ਼ਤਾ ਹੈ ਤੇ ਇਹ ਉਪਲਬਧੀ ਹਾਕੀ ਦੀ ਖੇਡ ਨੂੰ ਸਾਡੇ ਦੇਸ਼ ਦੇ ਨੌਜਵਾਨਾਂ ਵਿਚ ਹੋਰ ਮਕਬੂਲ ਬਣਾਏਗੀ।’’
ਵਿਦਾਇਗੀ ਲੈਣ ਦਾ ਸਹੀ ਸਮਾਂ: ਸ੍ਰੀਜੇਸ਼
ਜਜ਼ਬਾਤੀ ਸ੍ਰੀਜੇਸ਼ ਨੇ ਸੰਨਿਆਸ ਬਾਰੇ ਪੁੱਛਣ ’ਤੇ ਕਿਹਾ, ‘‘24 ਸਾਲਾਂ ਤੋਂ ਇਹ ਮੇਰਾ ਘਰ ਸੀ। ਇਹ ਇਕ ਪਰਿਵਾਰ ਸੀ। ਇਹ ਵਿਦਾਇਗੀ ਲੈਣ ਦਾ ਸਹੀ ਸਮਾਂ ਹੈ। ਅਸੀਂ ਖਾਲੀ ਹੱਥ ਘਰ ਨਹੀਂ ਜਾ ਰਹੇ। ਮੈਂ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਾ ਹਾਂ, ਪਰ ਸਹੀ ਸਮੇਂ ’ਤੇ ਫੈਸਲਾ ਲੈਣ ਨਾਲ ਹਾਲਾਤ ਖੂਬਸੂਰਤ ਹੋ ਜਾਂਦੇ ਹਨ। ਇਸ ਲਈ ਮੇਰਾ ਫੈਸਲਾ ਨਹੀਂ ਬਦਲੇਗਾ।’’ਕਪਤਾਨ ਹਰਮਨਪ੍ਰੀਤ ਸਿਘ ਨੇ ਕਿਹਾ, ‘‘ਮੈਨੂੰ ਸ੍ਰੀਜੇਸ਼ ਦੀ ਘਾਟ ਰੜਕੇਗੀ, ਪਰ ਮੈਂ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਭਰਾਵਾ। ਬਹੁਤ ਸਨਮਾਨ।’
ਮਾਨ ਵੱਲੋਂ ਪੰਜਾਬ ਦੇ ਖਿਡਾਰੀਆਂ ਨੂੰ ਇਕ-ਇਕ ਕਰੋੜ ਦੇਣ ਦਾ ਐਲਾਨ
ਚੰਡੀਗੜ੍ਹ (ਟਨਸ):
ਮੁੱਖ ਮੰਤਰੀ ਭਗਵੰਤ ਮਾਨ ਨੇ ਪੈਰਿਸ ਓਲੰਪਿਕਸ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ’ਤੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੰਦਿਆਂ ਟੀਮ ਵਿਚਲੇ ਪੰਜਾਬ ਨਾਲ ਸਬੰਧਤ ਖਿਡਾਰੀਆਂ ਨੂੰ ਇਕ-ਇਕ ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਸ੍ਰੀ ਮਾਨ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਸਪੇਨ ਨੂੰ 2-1 ਨਾਲ ਹਰਾ ਕੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ 52 ਸਾਲ ਬਾਅਦ ਪਹਿਲੀ ਵਾਰ ਭਾਰਤ ਨੇ ਓਲੰਪਿਕਸ ਵਿੱਚ ਹਾਕੀ ਵਿੱਚ ਲਗਾਤਾਰ ਦੋ ਵਾਰ ਤਗ਼ਮਾ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਖੇਡ ਇਤਿਹਾਸ ਵਿੱਚ ਸੁਨਹਿਰੀ ਸ਼ਬਦਾਂ ਵਿੱਚ ਦਰਜ ਹੋਵੇਗੀ। ਭਾਰਤੀ ਹਾਕੀ ਟੀਮ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਤੇ ਉਪ ਕਪਤਾਨ ਸਮੇਤ 10 ਖਿਡਾਰੀ ਪੰਜਾਬ ਦੇ ਹਨ।
ਪਟਨਾਇਕ, ਰਾਹੁਲ, ਖੜਗੇ ਤੇ ਬਿੰਦਰਾ ਵੱਲੋਂ ਹਾਕੀ ਟੀਮ ਨੂੰ ਵਧਾਈਆਂ
ਭੁਵਨੇਸ਼ਵਰ:
ਬੀਜੇਡੀ ਮੁਖੀ ਤੇ ਉੜੀਸਾ ਦੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਭਾਰਤੀ ਹਾਕੀ ਟੀਮ ਨੂੰ ਓਲੰਪਿਕ ’ਚ ਕਾਂਸੀ ਦਾ ਤਗ਼ਮਾ ਜਿੱਤਣ ’ਤੇ ਵਧਾਈ ਦਿੱਤੀ ਅਤੇ ਕਿਹਾ, ‘‘ਇਹ ਮੇਰੇ ਲਈ ਬੇਹੱਦ ਭਾਵੁਕ ਕਰਨ ਵਾਲਾ ਪਲ ਸੀ।’’ ਦੂਨ ਸਕੂਲ ’ਚ ਪੜ੍ਹਦੇ ਸਮੇਂ ਪਟਨਾਇਕ ਸਕੂਲ ਦੀ ਹਾਕੀ ਟੀਮ ਦੇ ਗੋਲਕੀਪਰ ਸਨ। ਉਨ੍ਹਾਂ ਕਿਹਾ, ‘‘ਨਿੱਜੀ ਤੌਰ ’ਤੇ ਇਹ ਮੇਰੇ ਲਈ ਭਾਵਨਾਤਮਕ ਪਲ ਸੀ। ਉਮੀਦ ਹੈ ਕਿ ਇਹ ਹਾਕੀ ਦੇ ਪੁਰਾਣੇ ਦਿਨ ਵਾਪਸ ਲਿਆਏਗਾ ਤੇ ਦੇਸ਼ ਦਾ ਵੱਕਾਰ ਹੋਰ ਵਧਾਏਗਾ।’’ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਵੱਲੋਂ 52 ਸਾਲਾਂ ਦੇ ਵਕਫ਼ੇ ਮਗਰੋਂ ਲਗਾਤਾਰ ਦੋ ਓਲੰਪਿਕਸ ’ਚ ਕਾਂਸੇ ਦਾ ਤਗ਼ਮਾ ਜਿੱਤਣਾ ‘ਇਤਿਹਾਸਕ ਮੀਲ ਪੱਥਰ’ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ, ‘‘ਹਰਮਨਪ੍ਰੀਤ ਸਿੰਘ ਤੇ ਪੀਆਰ ਸ੍ਰੀਜੇਸ਼ ਟੀਮ ਨਾਲ ਛਾ ਗਏ। ਸਾਰੇ ਭਾਰਤੀਆਂ ਨੂੰ ਤੁਹਾਡੇ ’ਤੇ ਮਾਣ ਹੈ। ਯਾਦਗਾਰੀ ਜਿੱਤ ਲਈ ਵਧਾਈਆਂ।’’ ਪ੍ਰਿਅੰਕਾ ਗਾਂਧੀ ਨੇ ਕਿਹਾ, ‘‘ਭਾਰਤੀ ਪੁਰਸ਼ ਹਾਕੀ ਟੀਮ ਨੇ ਕਾਂਸੇ ਦਾ ਤਗ਼ਮਾ ਜਿੱਤ ਕੇ ਤਿਰੰਗਾ ਲਹਿਰਾਇਆ ਹੈ। ਸ਼ਾਨਦਾਰ ਪ੍ਰਦਰਸ਼ਨ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਸਲਾਮ।’’ ਉਕਤ ਤੋਂ ਇਲਾਵਾ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ, ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ, ਸਾਬਕਾ ਨਿਸ਼ਾਨੇਬਾਜ਼ ਅਭਿਨਵ ਬਿੰਦਰਾ, ਸਾਬਕਾ ਕ੍ਰਿਕਟਰ ਵੀਵੀਐੱਸ ਲਕਸ਼ਮਣ, ਪਹਿਲਵਾਨ ਬਜਰੰਗ ਪੂਨੀਆ, ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਤੇ ਆਈਓਸੀ ਮੈਂਬਰ ਨੀਤਾ ਅੰਬਾਨੀ ਨੇ ਵੀ ਭਾਰਤੀ ਹਾਕੀ ਟੀਮ ਨੂੰ ਓਲੰਪਿਕ ’ਚ ਕਾਂਸੀ ਦਾ ਤਗ਼ਮਾ ਜਿੱਤਣ ’ਤੇ ਵਧਾਈ ਦਿੱਤੀ। -ਪੀਟੀਆਈ