ਗੁਰਨਾਮ ਸਿੰਘ ਅਕੀਦਾ
ਪਟਿਆਲਾ, 8 ਅਗਸਤ
ਪੰਜਾਬੀ ਯੂਨੀਵਰਸਿਟੀ ਦੇ ਹੋਸਟਲਾਂ ਵਿੱਚ ਮੈੱਸ ਰੇਟਾਂ ਸਣੇ ਹੋਰ ਸਮੱਸਿਆਵਾਂ ਦੇ ਹੱਲ ਲਈ ਵਿਦਿਆਰਥਣਾਂ ਨੇ ਦੇਰ ਰਾਤ ਅੰਬੇਡਕਰ ਹੋਸਟਲ ਵਿੱਚ ਵਾਰਡਨ ਦੇ ਘਰ ਅੱਗੇ ਧਰਨਾ ਲਾਉਣ ਤੋਂ ਬਾਅਦ ਅੱਜ ਸ਼ਾਮ ਯੂਨੀਵਰਸਿਟੀ ਵਿੱਚ ਰੋਸ ਮਾਰਚ ਕੀਤਾ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਜਾਣਕਾਰੀ ਅਨੁਸਾਰ ਦੇਰ ਰਾਤ ਧਰਨੇ ’ਤੇ ਡਟੀਆਂ ਵਿਦਿਆਰਥਣਾਂ ਨੇ ਦੋਸ਼ ਲਾਇਆ ਕਿ ਮੈੱਸ ਵਿੱਚ ਖਾਣੇ ਦੀ ਗੁਣਵੱਤਾ ਬਹੁਤ ਘਟੀਆ ਹੈ ਤੇ ਕੀਮਤਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਕੁੜੀਆਂ ਨੇ ’ਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਜਿਸ ਕਰਕੇ ਰਾਤ ਭਰ ਪੰਜਾਬੀ ਯੂਨੀਵਰਸਿਟੀ ਦਾ ਕੈਂਪਸ ਗੂੰਜਦਾ ਰਿਹਾ। ਸੰਘਰਸ਼ਕਾਰੀ ਕੁੜੀਆਂ ਦਿਲਪ੍ਰੀਤ ਕੌਰ, ਹਰਸ਼ ਕੌਰ, ਸੋਨਾ ਰਾਣੀ, ਹਰਪ੍ਰੀਤ ਕੌਰ ਤੇ ਖੁਸ਼ਪ੍ਰੀਤ ਕੌਰ ਮੰਗ ਕਰ ਰਹੀਆਂ ਸਨ ਕਿ ਮੈੱਸ ਦੇ ਰੇਟਾਂ ’ਚ ਕੀਤਾ ਵਾਧਾ ਵਾਪਸ ਕਰਕੇ ਖਾਣੇ ਦੀ ਗੁਣਵੱਤਾ ਸੁਧਾਰੀ ਜਾਵੇ, ਹੋਸਟਲ ਵਿੱਚ ਵਾਈਫਾਈ ਦਾ ਪ੍ਰਬੰਧ ਕੀਤਾ ਜਾਵੇ, ਪਖਾਨਿਆਂ ਦੀ ਮੁਰੰਮਤ ਅਤੇ ਸਾਫ਼-ਸਫ਼ਾਈ ਕਰਵਾਈ ਜਾਵੇ, ਹੋਸਟਲ ਦਾ ਵਾਰਡਨ ਦਫ਼ਤਰ ਸਵੇਰੇ ਨੌਂ ਵਜੇ ਖੋਲ੍ਹਿਆ ਜਾਵੇ ਤਾਂ ਜੋ ਵਿਦਿਆਰਥੀਆਂ ਦੇ ਮਸਲੇ ਸਮੇਂ ਸਿਰ ਹੱਲ ਹੋ ਸਕਣ, ਸੀਸੀ ਸਪੋਰਟਸ ਹੋਸਟਲ ਵਿੱਚ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ, ਹੈੱਡ ਗਰਲਜ਼ ਦੀਆਂ ਵਧੀਕੀਆਂ ਬੰਦ ਹੋਣ, ਹੋਸਟਲ ਦੇ ਰੀਡਿੰਗ ਰੂਮ ’ਚ ਏਸੀ ਦਾ ਪ੍ਰਬੰਧ ਕੀਤਾ ਜਾਵੇ, ਹੋਸਟਲਾਂ ਦੀ ਮੁਰੰਮਤ ਹੋਵੇ ਅਤੇ ਨਵੇਂ ਹੋਸਟਲਾਂ ਦੀ ਉਸਾਰੀ ਕੀਤੀ ਜਾਵੇ।
ਅੱਜ ਦਿਲਪ੍ਰੀਤ ਕੌਰ ਨੇ ਦੱਸਿਆ ਕਿ ਸੰਘਰਸ਼ਕਾਰੀ ਕੁੜੀਆਂ ਨੇ ਅੰਬੇਡਕਰ ਹੋਸਟਲ ਵਿੱਚ ਮੈੱਸ ਰੇਟਾਂ ’ਚ ਹੋਏ ਵਾਧੇ ਨੂੰ ਵਾਪਸ ਕਰਵਾਉਣ ਅਤੇ ਹੋਸਟਲ ਦੀਆਂ ਹੋਰ ਸਮੱਸਿਆਵਾਂ ਹੱਲ ਕਰਵਾਉਣ ਲਈ ਰਾਤ ਧਰਨਾ ਲਗਾਇਆ ਸੀ। ਇਸ ਦੌਰਾਨ ਵਿਦਿਆਰਥੀਆਂ ਦੇ ਸੰਘਰਸ਼ ਅੱਗੇ ਝੁਕਦਿਆਂ ਰਾਤ ਨੂੰ ਹੀ ਅਥਾਰਿਟੀ ਵਿਚ ਸੀਨੀਰ ਵਾਰਡਨ ਹਰਪ੍ਰੀਤ ਕੌਰ, ਡੀਨ ਸਟੂਡੈਂਟ ਵੈੱਲਫੇਅਰ ਡਾ. ਮੋਨਿਕਾ ਤੇ ਵਾਰਡਨ ਨੇ ਸਾਰੇ ਮਸਲੇ ਹੱਲ ਕਰਨ ਲਈ ਇੱਕ ਦਿਨ ਦਾ ਸਮਾਂ ਮੰਗਿਆ ਸੀ, ਪਰ ਹੁਣ ਤੱਕ ਕੋਈ ਵੀ ਮਸਲਾ ਹੱਲ ਕਰਨ ਲਈ ਕਦਮ ਨਹੀਂ ਚੁੱਕਿਆ ਗਿਆ। ਇਸ ਤੋਂ ਇਹ ਜਾਪਦਾ ਹੈ ਕਿ ਕੱਲ੍ਹ ਰਾਤ ਪ੍ਰਸ਼ਾਸਨ ਵੱਲੋਂ ਲਾਰੇ ਹੀ ਲਾਏ ਗਏ ਸਨ। ਇਸ ਮੌਕੇ ਉਨ੍ਹਾਂ ਵਿਦਿਆਰਥੀ ਵਿਰੋਧੀ ਵਤੀਰੇ ਖ਼ਿਲਾਫ਼ ਸੰਘਰਸ਼ ਮਘਾਉਣ ਲਈ ਹੋਰ ਵਿਦਿਆਰਥੀਆਂ ਨੂੰ ਇਸ ਸੰਘਰਸ਼ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਅੱਜ ਸ਼ਾਮ ਨੂੰ ਹੋਏ ਇਕੱਠ ਵਿਚ ਕੀਤੇ ਫੈਸਲੇ ਅਨੁਸਾਰ ਕੁੜੀਆਂ ਨੇ ਮਾਰਚ ਕੀਤਾ। ਇਸ ਤੋਂ ਪਹਿਲਾਂ ਸਾਰਾ ਦਿਨ ਅਥਾਰਿਟੀ ਵਲੋਂ ਕੀਤੇ ਵਾਅਦੇ ਦੀ ਉਡੀਕ ਤੋਂ ਬਾਅਦ ਦੇਰ ਸ਼ਾਮ ਵਿਦਿਆਰਥਣਾਂ ਨੇ ਯੂਨੀਵਰਸਿਟੀ ਕੈਂਪਸ ਵਿਚ ਮਾਰਚ ਕੀਤਾ ਤੇ ਹੋਰ ਹੋਸਟਲਾਂ ਵਿਚ ਵੀ ਜਾਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਲ ਕੀਤੀ।