ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 8 ਅਗਸਤ
ਕੇਐੱਸ ਗਰੁੱਪ ਦੇ ਚੇਅਰਮੈਨ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਵੱਲੋਂ ਪਿੰਡ ਮੋਰਾਂਵਾਲੀ ਨੂੰ 100 ਬੂਟੇ ਭੇਟ ਕੀਤੇ ਗਏ। ਇਹ ਬੂਟੇ ਗੁਰਦੁਆਰਾ ਭਗਤ ਰਵਿਦਾਸ ਪਿੰਡ ਮੋਰਾਂਵਾਲੀ ਦੀ ਕਮੇਟੀ ਤੇ ਸਮੁੱਚੇ ਨੌਜਵਾਨਾਂ ਦੇ ਸਹਿਯੋਗ ਨਾਲ ਪਿੰਡ ਦੇ ਆਲੇ-ਦੁਆਲੇ ਸਾਂਝੀਆਂ ਥਾਵਾਂ ’ਤੇ ਲਾਏ ਗਏ। ਬੂਟੇ ਦੇਣ ਮੌਕੇ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਨੇ ਮਨੁੱਖ ਤੇ ਰੁੱਖ ਦੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਰੁੱਖਾਂ ਬਗੈਰ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਮਨਦੀਪ ਸਿੰਘ ਖ਼ੁਰਦ ਨੇ ਕਿਹਾ ਕਿ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਵੱਲੋਂ ਹਰ ਸਾਲ ਬੂਟੇ ਲਾਓ-ਵਾਤਾਵਰਨ ਬਚਾਓ ਪੰਦਰਵਾੜਾ ਮਨਾਇਆ ਜਾਂਦਾ। ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ, ਦਲਵਿੰਦਰ ਸਿੰਘ, ਗਗਨਦੀਪ ਸਿੰਘ ਤੇੇ ਗੁਰਤੇਜ ਸਿੰਘ ਆਦਿ ਹਾਜ਼ਰ ਸਨ।
ਬੀਬੀ ਨਿਰਮਲ ਕੌਰ ਦੀ ਯਾਦ ਵਿੱਚ ਬੂਟੇ ਲਾਏ
ਪਟਿਆਲਾ (ਪੱਤਰ ਪ੍ਰੇਰਕ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਧਰਮ-ਪਤਨੀ ਬੀਬੀ ਨਿਰਮਲ ਕੌਰ ਦੀ ਯਾਦ ਵਿਚ ਬੂਟੇ ਲਗਾਏ ਗਏ। ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਗ੍ਰਹਿ ਵਿਖੇ ਅਤੇ ਆਸ ਪਾਸ ਦੇ ਪਾਰਕ ’ਚ ਉਨ੍ਹਾਂ ਦੇ ਪੁੱਤਰਾਂ ਨੇ ਬੂਟੇ ਲਗਾ ਕੇ ਸੁਨੇਹਾ ਦਿੱਤਾ ਕਿ ਇਕ ਮਾਂ ਦੀ ਆਪਣੇ ਪੁੱਤਰਾਂ ਅਤੇ ਪਰਿਵਾਰ ਪ੍ਰਤੀ ਵੱਡੀ ਭੂਮਿਕਾ ਰੁੱਖ ਦੀ ਛਾਂ ਤੋਂ ਘੱਟ ਨਹੀਂ ਹੁੰਦੀ।