ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਅਗਸਤ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇਵੇਂਦਰ ਯਾਦਵ ਦੀ ਅਗਵਾਈ ਹੇਠ ਸੂਬਾ ਕਾਂਗਰਸ ਦੇ ਵਫਦ ਨੇ ਅੱਜ ਦਿੱਲੀ ਦੇ ਲੈਫਟੀਨੈਂਟ ਗਵਰਨਰ ਵੀਕੇ ਸਕਸੈਨਾ ਨਾਲ ਮੁਲਾਕਾਤ ਕਰ ਕੇ ਦਿੱਲੀ ਦੇ ਲੋਕਾਂ ਨਾਲ ਜੁੜੇ ਕੁਝ ਮੁੱਦਿਆਂ ਬਾਰੇ ਉਨ੍ਹਾਂ ਦੇ ਦਖਲ ਦੀ ਮੰਗ ਕੀਤੀ। ਸ੍ਰੀ ਯਾਦਵ ਨੇ ਕਿਹਾ ਕਿ ਦਿੱਲੀ ਦੇ ਮੌਜੂਦਾ ਮਾਮਲਿਆਂ ’ਤੇ ਉਪ ਰਾਜਪਾਲ ਨਾਲ ਇਕ ਘੰਟਾ ਲੰਬੀ ਗੱਲਬਾਤ ਹੋਈ। ਉਪ ਰਾਜਪਾਲ ਨੇ ਸਾਰੇ ਮਾਮਲਿਆਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਸੂਬਾ ਕਾਂਗਰਸ ਵੱਲੋਂ ਪੇਸ਼ ਕੀਤੇ ਗਏ ਮੁੱਦਿਆਂ ’ਤੇ ਸਕਾਰਾਤਮਕ ਸੋਚ ਨਾਲ ਕਾਰਵਾਈ ਕੀਤੀ ਜਾਵੇਗੀ।
ਰਾਜ ਨਿਵਾਸ ਤੋਂ ਬਾਹਰ ਆ ਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਯਾਦਵ ਨੇ ਦੱਸਿਆ ਕਿ ਗਾਜ਼ੀਪੁਰ ਵਿੱਚ ਪਾਣੀ ਭਰਨ ਕਾਰਨ ਇੱਕ ਮਾਂ ਅਤੇ ਉਸ ਦੇ ਬੱਚੇ ਦੀ ਡਰੇਨ ਵਿੱਚ ਡੁੱਬਣ ਨਾਲ ਮੌਤ ਹੋ ਗਈ ਅਤੇ ਰਾਜਿੰਦਰ ਨਗਰ ਵਿੱਚ ਬੇਸਮੈਂਟ ਵਿੱਚ ਡੁੱਬਣ ਨਾਲ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਮੌਤ, ਜਿਸ ਦੀ ਸੀਬੀਆਈ ਜਾਂਚ ਕਰ ਰਹੀ ਹੈ। ਕਾਂਗਰਸ ਨੇ ਮੰਗ ਕੀਤੀ ਕਿ ਅਸਲ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਭਲਸਵਾ ਡੇਅਰੀ ਸਮੇਤ ਹੋਰ ਡੇਅਰੀਆਂ ਨੂੰ ਸ਼ਿਫਟ ਕਰਨ ਦਾ ਹਾਈ ਕੋਰਟ ਦਾ ਹੁਕਮ ਹੈ, ਡੇਅਰੀ ਮਾਲਕ ਵੀ ਚਾਹੁੰਦੇ ਹਨ ਕਿ ਪਸ਼ੂਆਂ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਵੇ ਪਰ ਉੱਥੇ ਦੇ ਲੋਕਾਂ ਨੇ ਆਪਣੀ ਲੋੜ ਅਨੁਸਾਰ ਵਾਧੂ ਮਕਾਨ ਬਣਾ ਲਏ ਹਨ| ਸੂਬਾ ਪ੍ਰਧਾਨ ਨੇ ਰਿਪੋਰਟ ਵਿੱਚ ਕਿਹਾ ਹੈ ਕਿ ਦਿੱਲੀ ਵਿੱਚ ਡਰੇਨਾਂ ਦੀ ਸਮੇਂ ਸਿਰ ਸਫ਼ਾਈ ਨਹੀਂ ਹੋਈ ਜਿਸ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ। ਸਭ ਤੋਂ ਵਹਿਸ਼ੀ ਘਟਨਾ ਰਾਜਿੰਦਰ ਨਗਰ ਬੇਸਮੈਂਟ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਤ ਸੀ। ਇਹ ਸਭ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਅਤੇ ਐੱਮਸੀਡੀ ਦੀ ਨਾਕਾਮੀ ਕਾਰਨ ਹੋਇਆ ਹੈ, ਜੇਕਰ ਸਮੇਂ ਸਿਰ ਡਰੇਨਾਂ ਦੀ ਸਫ਼ਾਈ ਹੋ ਗਈ ਹੁੰਦੀ ਤਾਂ ਰਾਜਧਾਨੀ ਵਿੱਚ ਅਜਿਹੀ ਭਿਆਨਕ ਘਟਨਾ ਨਾ ਵਾਪਰਦੀ।