ਪੱਤਰ ਪ੍ਰੇਰਕ
ਜਗਰਾਉਂ, 8 ਅਗਸਤ
ਦਿ ਭੈਣੀ ਅਰਾਈਆਂ ਬਹੁਮੰਤਵੀ ਸਹਿਕਾਰੀ ਸਭਾ ਦੀ ਚੋਣ ਸਰਬਸੰਮਤੀ ਨਾਲ ਚੋਣ ਅਬਜ਼ਰਵਰ ਜੁਗਰਾਜ ਮੁਹੰਮਦ ਆਰਓ ਤੇ ਮਨਦੀਪ ਸਿੰਘ ਏਆਰਓ ਦੀ ਰਹਿਨੁਮਾਈ ਹੇਠ ਸਰਬਸੰਮਤੀ ਨਾਲ ਕੀਤੀ ਗਈ। ਇਸ ਸਬੰਧੀ ਆਰਓ ਜੁਗਰਾਜ ਮੁਹੰਮਦ ਨੇ ਦੱਸਿਆ ਕਿ ਭੈਣੀ ਅਰਾਈਆਂ ਵਾਲੀ ਸਹਿਕਾਰੀ ਸਭਾ 5 ਪਿੰਡਾਂ ਦੇ ਕਿਸਾਨਾਂ ਦੀ ਸਾਂਝੀ ਸੰਸਥਾ ਹੈ। ਇਸ ਦੀ ਪ੍ਰਬੰਧਕੀ ਟੀਮ ਦੀ ਚੋਣ ਮੈਂਬਰਾਂ ਦੀ ਸਹਿਮਤੀ ਅਤੇ ਭਾਈਚਾਰਕ ਸਾਂਝ ਨਾਲ ਨੇਪਰੇ ਚੜ੍ਹੀ ਹੈ। ਉਨ੍ਹਾਂ ਦੱਸਿਆ ਕਿ ਚੋਣ ’ਚ ਪਿੰਡ ਭੈਣੀ ਅਰਾਈਆਂ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਲਾਇਨ’ਜ਼ ਕਲੱਬ ਜਗਰਾਉਂ ਦੇ ਪ੍ਰਧਾਨ ਮੇਜਰ ਸਿੰਘ ਭੈਣੀ, ਹਰਪਾਲ ਸਿੰਘ,ਉਜਾਗਰ ਸਿੰਘ ਅਤੇ ਰੁਪਿੰਦਰ ਕੌਰ ਪਿੰਡ ਭੁਮਾਲ,ਭੁਪਿੰਦਰ ਸਿੰਘ ਭਾਜੀ, ਸ਼ਿੰਗਾਰਾ ਸਿੰਘ ਅਤੇ ਪਰਮਜੀਤ ਕੌਰ ਪਿੰਡ ਕੀੜ੍ਹੀ, ਸੁਰਿੰਦਰ ਸਿੰਘ ਅਤੇ ਅਮਰੀਕ ਸਿੰਘ ਪਿੰਡ ਸ਼ੇਖਕੁਤਬ ਅਤੇ ਪਿੰਡ ਭੈਣੀ ਗੁਜ਼ਰਾਂ ਤੋਂ ਤਾਰਾ ਸਿੰਘ ਆਦਿ ਨੂੰ ਕਮੇਟੀ ਮੈਂਬਰ ਵਜੋਂ ਚੁਣਿਆ ਗਿਆ। ਟੀਮ ਵੱਲੋਂ ਮੇਜਰ ਸਿੰਘ ਭੈਣੀ ਨੇ ਚੋਣ ਕਮੇਟੀ ਅਤੇ ਸਭਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਸਭਾ ਦੇ ਸਕੱਤਰ ਦਲੀਪ ਸਿੰਘ ਭੈਣੀ ਵੱਲੋਂ ਸ਼ਲਾਘਾਯੋਗ ਫਰਜ਼ ਨਿਭਾਏ ਗਏ। ਇਸ ਮੌਕੇ ਜਸਬੀਰ ਸਿੰਘ ਅੱਬੂਪੁਰਾ ਸਕੱਤਰ, ਪਰਮਜੀਤ ਸਿੰਘ ਅਗਵਾੜ੍ਹ ਡਾਲਾ, ਸੁਰਜੀਤ ਸਿੰਘ ਸਰਪੰਚ ਕੀੜ੍ਹੀ ਤੇ ਸੋਨੀ ਹਾਜ਼ਰ ਰਹੇ।