ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 8 ਅਗਸਤ
ਗਰੀਬਦਾਸੀ ਸੰਪਰਦਾਇ ਭੂਰੀ ਵਾਲੇ ਭੇਖ ਦੇ ਥੰਮ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ ਬਰਸੀ ਸਬੰਧੀ ਸਮਾਗਮ ਧਾਮ ਤਲਵੰਡੀ ਖੁਰਦ (ਲੁਧਿਆਣਾ) ਵਿੱਚ 24 ਤੋਂ 28 ਅਗਸਤ ਤੱਕ ਕਰਵਾਏ ਜਾ ਰਹੇ ਹਨ। ਮੌਜੂਦਾ ਸੰਚਾਲਕ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਹੋਣ ਵਾਲੇ ਇਨ੍ਹਾਂ ਸਮਾਗਮਾਂ ਸਬੰਧੀ 30 ਜੁਲਾਈ ਤੋਂ ਜਗਤ ਗੁਰੂ ਬਾਬਾ ਗਰੀਬਦਾਸ ਮਹਾਰਾਜ ਦੀ ਗੁਰਬਾਣੀ ਦੇ ਅਖੰਡ ਪਾਠਾਂ ਦੀਆਂ ਲੜੀਆਂ ਜਾਰੀ ਹਨ।
ਜਥੇਦਾਰ ਸਵਾਮੀ ਓਮਾ ਨੰਦ ਭੂਰੀ ਵਾਲੇ ਤੇ ਫਾਊਂਡੇਸ਼ਨ ਸਕੱਤਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ 24 ਅਗਸਤ ਨੂੰ ਭੂਰੀ ਵਾਲੇ ਭੇਖ ਦੇ ਰਚੇਤਾ ਸਵਾਮੀ ਬ੍ਰਹਮਸਾਗਰ ਭੂਰੀ ਵਾਲਿਆਂ ਦੇ 162ਵੇਂ ਜਨਮ ਦਿਹਾੜੇ ਅਤੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਸਮਾਗਮ ਆਰੰਭ ਹੋਣਗੇ, 25 ਅਗਸਤ ਨੂੰ ਮੱਧ ਦੇ ਭੋਗ ਪੈਣਗੇ ਜਦਕਿ 26 ਅਗਸਤ ਨੂੰ ਸਵੇਰੇ ਭੋਗ ਅਤੇ ਆਰਤੀ ਦੇ ਸ਼ਬਦਾਂ ਉਪਰੰਤ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ 40ਵੀਂ ਬਰਸੀ ਸਬੰਧੀ ਅਖੰਡ ਪਾਠਾਂ ਦੀ ਅੰਤਿਮ ਲੜੀ ਆਰੰਭ ਹੋਵੇਗੀ। ਨਾਲ ਹੀ ਦੁਪਹਿਰ 1 ਵਜੇ ਤੱਕ ਐੱਸਜੀਬੀ ਬਹੁਮੰਤਵੀ ਹਾਲ ’ਚ ਸਤਿਸੰਗ ਕੀਰਤਨ ਦੀਵਾਨ ਸਜਣਗੇ। 27 ਨੂੰ ਸਵੇਰੇ ਮੱਧ ਦੇ ਭੋਗਾਂ ਉਪਰੰਤ ਕੋਨੇ-ਕੋਨੇ ਤੋਂ ਪੁੱਜੇ ਸਾਧੂ-ਸਾਧਵੀਆਂ ਨੂੰ ਗਰੀਬਦਾਸੀ ਸੰਪਰਦਾਇ ਦੀ ਰਸਮ ਅਨੁਸਾਰ ਭੋਜਨ ਛਕਾਇਆ ਜਾਵੇਗਾ। 28 ਅਗਸਤ ਨੂੰ ਸਵੇਰੇ ਅਖੰਡ ਪਾਠਾਂ ਦੇ ਭੋਗ ਮਗਰੋਂ ਦੁਪਹਿਰ ਤੱਕ ਸੰਤ ਸਮਾਗਮਾਂ ਦੀ ਸਮਾਪਤੀ ਹੋ ਜਾਵੇਗੀ।