ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 8 ਅਗਸਤ
ਮੁੱਖ ਮੰਤਰੀ ਦੇ ਉਡਣ ਦਸਤੇ ਨੇ ਅੱਜ ਸ਼ਹਿਰ ਸਥਿਤ ਬਾਗ਼ਬਾਨੀ ਵਿਭਾਗ ਦੇ ਦਫ਼ਤਰ ਵਿੱਚ ਛਾਪਾ ਮਾਰਿਆ ਅਤੇ ਰਜਿਸਟਰਾਂ ਦੀ ਜਾਂਚ ਕੀਤੀ। ਇਸ ਦਸਤੇ ਵਿਚ ਸਬ-ਇੰਸਪੈਕਟਰ ਹਤਿੰਦਰ ਗੌਤਮ, ਰਾਜਬੀਰ ਅਤੇ ਬਲਵਿੰਦਰ, ਏਐੱਸਆਈ ਸੁਖਵਿੰਦਰ ਅਤੇ ਡਿਊਟੀ ਮੈਜਿਸਟ੍ਰੇਟ ਦੇ ਤੌਰ ’ਤੇ ਸਾਹਿਲ ਸ਼ਰਮਾ ਸ਼ਾਮਲ ਸਨ। ਸਬ-ਇੰਸਪੈਕਟਰ ਹਤਿੰਦਰ ਗੌਤਮ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਅੱਜ ਉਨ੍ਹਾਂ ਨੇ ਜ਼ਿਲ੍ਹਾ ਬਾਗ਼ਬਾਨੀ ਅਧਿਕਾਰੀ ਅੰਬਾਲਾ ਦੇ ਦਫ਼ਤਰ ਵਿਚ ਅਚਾਨਕ ਨਿਰੀਖਣ ਕੀਤਾ ਹੈ। ਸਭ ਤੋਂ ਪਹਿਲਾਂ ਉਨ੍ਹਾਂ ਨੇ ਹਾਜ਼ਰੀ ਰਜਿਸਟਰਾਂ ਦੀ ਜਾਂਚ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਦਫ਼ਤਰ ਵਿਚ 33 ਅਧਿਕਾਰੀ ਤੇ ਕਰਮਚਾਰੀ ਕੰਮ ਕਰਦੇ ਹਨ ਜਿਨ੍ਹਾਂ ਵਿਚੋਂ ਇੱਕ ਛੁੱਟੀ ਤੇ ਹੈ, ਦੋ ਕਰਮਚਾਰੀ ਚੋਣ ਡਿਊਟੀ ਤੇ ਹਨ ਅਤੇ ਇਕ ਕਰਮਚਾਰੀ ਪਿਛਲੇ ਦੋ ਮਹੀਨਿਆਂ ਤੋਂ ਗ਼ੈਰਹਾਜ਼ਰ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਨਿਰੀਖਣ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦੇਣਗੇ।