ਪਟਨਾ, 9 ਅਗਸਤ
ਗੋਪਾਲਗੰਜ ਪੁਲੀਸ ਨੇ ਦੁਰਲੱਭ ਕੈਲੀਫੋਰਨੀਅਮ ਪੱਥਰ (ਇੱਕ ਰੇਡੀਓਐਕਟਿਵ ਪਦਾਰਥ) ਸਮੇਤ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਇਸ ਪਦਾਰਥ ਦੀ ਕੋਮਾਂਤਰੀ ਬਾਜ਼ਾਰ ਵਿੱਚ ਕੀਮਤ ਲਗਭਗ 850 ਕਰੋੜ ਰੁਪਏ ਹੈ।
ਗੋਪਾਲਗੰਜ ਦੇ ਐਸਪੀ ਸਵਰਨ ਪ੍ਰਭਾਤ ਨੇ ਬਰਾਮਦਗੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਾਨੂੰ ਜ਼ਿਲ੍ਹੇ ਵਿੱਚ ਇੱਕ ਕੀਮਤੀ ਪਦਾਰਥ ਦੀ ਤਸਕਰੀ ਬਾਰੇ ਖਾਸ ਸੂਚਨਾ ਮਿਲੀ ਸੀ। ਜਿਸ ਉਪਰੰਤ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਕਾਰਵਾਈ ਦੌਰਾਨ ਵੀਰਵਾਰ ਸ਼ਾਮ ਨੂੰ ਤਿੰਨ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਉਨ੍ਹਾਂ ਕੋਲੋਂ ਚਾਰ ਮੋਬਾਈਲ ਫੋਨ ਅਤੇ 50 ਗ੍ਰਾਮ ਕੈਲੀਫੋਰਨੀਅਮ ਬਰਾਮਦ ਹੋਇਆ ਹੈ।
ਐਸਪੀ ਨੇ ਕਿਹਾ ਕਿ ਕੈਲੀਫੋਰਨੀਅਮ ਇੱਕ ਬਹੁਤ ਮਹਿੰਗਾ ਰੇਡੀਓਐਕਟਿਵ ਪਦਾਰਥ ਹੈ ਜਿਸਦੇ ਹਰ ਇੱਕ ਗ੍ਰਾਮ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਲਗਭਗ 17 ਕਰੋੜ ਰੁਪਏ ਹੈ, ਇਸ 50 ਗ੍ਰਾਮ ਪੱਥਰ ਦੀ ਕੁੱਲ ਕੀਮਤ ਲੱਗਭੱਗ 850 ਕਰੋੜ ਬਣਦੀ ਹੈ।
ਪੁਲੀਸ ਅਧਿਕਾਰੀ ਅਨੁਸਾਰ ਤਸਕਰ ਕਈ ਮਹੀਨਿਆਂ ਤੋਂ ਕੀਮਤੀ ਪਦਾਰਥ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ। ਫੋਰੈਂਸਿਕ ਸਾਇੰਸ ਲੈਬਾਰਟਰੀ ਤੋਂ ਇਕ ਵਿਸ਼ੇਸ਼ ਟੀਮ ਨੂੰ ਪਦਾਰਥ ਨੂੰ ਸੰਭਾਲਣ ਅਤੇ ਹੋਰ ਜਾਂਚ ਕਰਨ ਲਈ ਬੁਲਾਇਆ ਗਿਆ ਹੈ ਅਤੇ ਪ੍ਰਮਾਣੂ ਊਰਜਾ ਵਿਭਾਗ ਨੂੰ ਪੂਰੀ ਜਾਂਚ ਲਈ ਕਦਮ ਚੁੱਕਣ ਲਈ ਸੂਚਿਤ ਕੀਤਾ ਗਿਆ ਹੈ। -ਆਈਏਐਨਐਸ