ਜਲੰਧਰ: ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਜਲੰਧਰ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਸੰਯੁਕਤ ਪੁਲੀਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਅੱਜ ਦੁਪਹਿਰ ਸਿਟੀ ਰੇਲਵੇ ਸਟੇਸ਼ਨ ’ਤੇ ਤਲਾਸ਼ੀ ਮੁਹਿੰਮ ਚਲਾਈ। ਪੁਲੀਸ ਨੇ ਸਟੇਸ਼ਨ ’ਤੇ ਆਉਣ-ਜਾਣ ਵਾਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੇ ਬੈਗਾਂ ਦੀ ਤਲਾਸ਼ੀ ਲਈ। ਸੰਯੁਕਤ ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਨਾਲ ਮੁੱਖ ਚੌਰਾਹਿਆਂ ਅਤੇ ਬੱਸ ਸਟੈਂਡਾਂ ਸਮੇਤ ਸ਼ਹਿਰ ਦੇ ਐਂਟਰੀ ਪੁਆਇੰਟਾਂ ’ਤੇ ਨਾਕੇਬੰਦੀ ਕਰ ਕੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਚਾਰ ਪਹੀਆ ਵਾਹਨਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਪਠਾਨਕੋਟ ਚੌਕ ’ਤੇ ਵੀ ਜੰਮੂ ਵਾਲੇ ਪਾਸੇ ਤੋਂ ਆਉਣ ਵਾਲੇ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਰੇਰੂ ਚੌਕ ਨੇੜੇ ਥਾਣਾ ਨੰਬਰ 8 ਦੀ ਪੁਲੀਸ ਵੱਲੋਂ ਨਾਕਾਬੰਦੀ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੇ ਹੁਕਮਾਂ ’ਤੇ ਪੁਲੀਸ ਵੱਲੋਂ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ ਜਿਸ ਸਬੰਧੀ ਸਟੇਸ਼ਨ ’ਤੇ ਚੈਕਿੰਗ ਕੀਤੀ ਗਈ। -ਪੱਤਰ ਪ੍ਰੇਰਕ