ਲਹਿਰਾਗਾਗਾ: ਪਿੰਡ ਲਹਿਲ ਖੁਰਦ ਨਾਲ ਸਬੰਧਤ ਲੰਮੇ ਸਮੇਂ ਤੋਂ ਭੱਠਿਆਂ ’ਚ ਪਥੇਰ ਦਾ ਕੰਮ ਕਰ ਰਹੇ ਸੱਤ ਮਜ਼ਦੂਰ ਪਰਿਵਾਰਾਂ ਨੂੰ ਕੋਈ ਨੋਟਿਸ ਦਿੱਤੇ ਬਗੈਰ ਕੰਮ ਤੋਂ ਕੱਢਣ ’ਤੇ ਭੱਠਾ ਮਾਲਕਾਂ ਖ਼ਿਲਾਫ਼ ਮਜ਼ਦੂਰਾਂ ਨੇ ਪ੍ਰਦਰਸ਼ਨ ਕੀਤਾ। ਧਰਨੇ ਦੀ ਅਗਵਾਈ ਕਰਨ ਵਾਲੇ ਸੱਤ ਮਜ਼ਦੂਰਾਂ ਸੁਖਦੇਵ ਸਿੰਘ, ਭੋਲਾ ਸਿੰਘ, ਗੁਰਤੇਜ ਸਿੰਘ ਸੋਨੀ ਸਿੰਘ ਤੇ ਨਿੱਕਾ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਖੋਹ ਲਿਆ ਹੈ। ਮਜ਼ਦੂਰ ਸਾਥੀਆਂ ਮੰਗੂ ਸਿੰਘ, ਜੱਗਾ ਸਿੰਘ ਕਾਲਾ ਸਿੰਘ ਅਤੇ ਬੇਅੰਤ ਸਿੰਘ ਨੇ ਕਿਹਾ ਕਿ ਜਦੋਂ ਮਜ਼ਦੂਰ ਸਥਾਨਕ ਭੱਠੇ ’ਤੇ ਗੱਲਬਾਤ ਕਰਨ ਗਏ ਤਾਂ ਉਸ ਦੇ ਮਾਲਕ ਨੇ ਧਮਕੀਆਂ ਦਿੱਤੀਆਂ। ਭੱਠਾ ਯੂਨੀਅਨ ਦੇ ਪ੍ਰਧਾਨ ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਪਥੇਰ ਨਾਲ ਇੱਕ ਸਾਲ ਦਾ ਠੇਕਾ ਹੁੰਦਾ ਹੈ ਤੇ ਠੇਕਾ ਖਤਮ ਹੋਣ ਮਗਰੋਂ ਕੰਮ ਤੋਂ ਹਟਾਇਆ ਜਾ ਸਕਦਾ ਹੈ। -ਪੱਤਰ ਪ੍ਰੇਰਕ