ਖੇਤਰੀ ਪ੍ਰਤੀਨਿਧ
ਬਰਨਾਲਾ, 9 ਅਗਸਤ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਦੀ ਅਗਵਾਈ ਹੇਠ ਇੱਥੇ ਤਰਕਸ਼ੀਲ ਭਵਨ ਵਿੱਚ ਮੀਟਿੰਗ ਹੋਈ। ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਨੇ ਕਿਹਾ ਕਿ 21 ਅਗਸਤ ਨੂੰ ਮਜ਼ਦੂਰਾਂ ਨੂੰ ਰੁਜ਼ਗਾਰ ਗਾਰੰਟੀ, ਪੈਨਸ਼ਨ 5000 ਮਾਸਿਕ, ਜਨਤਕ ਵੰਡ ਪ੍ਰਣਾਲੀ ਸਹੂਲਤਾਂ, ਮਗਨਰੇਗਾ ਤਹਿਤ 700 ਦਿਹਾੜੀ, ਸਾਲ ਭਰ ਕੰਮ ਤੇ ਮੁਫ਼ਤ ਸਿੱਖਿਆ ਸਹੂਲਤਾਂ ਆਦਿ ਬਾਬਤ ਹਰਪਾਲ ਸਿੰਘ ਚੀਮਾ ਦੇ ਘਰ ਧਰਨਾ ਲਾਇਆ ਜਾਵੇਗਾ ਪ੍ਰੰਤੂ ਧਰਨੇ ਤੋਂ ਪਹਿਲਾਂ 10 ਅਗਸਤ (ਭਲਕੇ) ਨੂੰ ਖਜ਼ਾਨਾ ਮੰਤਰੀ ਨੂੰ ਜਨਤਕ ਵਫ਼ਦ ਦੇ ਰੂਪ ਵਿੱਚ ਮਿਲਕੇ ਮੰਗ ਪੱਤਰ ਸੌਂਪਿਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਨਾ ਸਿਰਫ਼ ਖੇਤ ਮਜ਼ਦੂਰਾਂ ਦੀਆਂ ਮੰਗਾਂ ਨੂੰ ਹੀ ਅੱਖੋਂ ਪਰੋਖੇ ਕੀਤਾ ਜਾ ਰਿਹਾ ਸਗੋਂ ਮਜ਼ਦੂਰ ਵਿਰੋਧੀ ਫ਼ੈਸਲੇ ਲਾਗੂ ਕੀਤੇ ਜਾ ਰਹੇ ਹਨ।