ਕਮਲਦੀਪ ਸਿੰਘ ਮਠਾੜੂ* ਗੁਰਮੇਲ ਸਿੰਘ ਸੰਧੂ**
ਪੰਜਾਬ ਵਿੱਚ ਸਾਰਾ ਸਾਲ ਫ਼ਸਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਵੱਖ-ਵੱਖ ਮੌਸਮ ਦੌਰਾਨ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦਾ ਹਮਲਾ ਦੇਖਣ ਨੂੰ ਮਿਲਦਾ ਹੈ। ਹਾੜ੍ਹੀ ਦੇ ਮੁਕਾਬਲੇ ਸਾਉਣੀ ਦੀ ਫ਼ਸਲ ਉੱਪਰ ਕੀੜੇ-ਮਕੌੜੇ ਅਤੇ ਬਿਮਾਰੀਆਂ ਦਾ ਵੱਧ ਹਮਲਾ ਹੁੰਦਾ ਹੈ। ਜੇ ਢੁੱਕਵੀਂ ਰੋਕਥਾਮ ਨਾ ਕੀਤੀ ਜਾਵੇ ਤਾਂ ਝਾੜ ਘਟਣ ਦਾ ਖਦਸ਼ਾ ਰਹਿੰਦਾ ਹੈ। ਆਮ ਤੌਰ ’ਤੇ ਕਿਸਾਨ ਕਈ ਤਰ੍ਹਾਂ ਦੀਆਂ ਰਸਾਇਣਕ ਜ਼ਹਿਰਾਂ ਵਰਤਦੇ ਹਨ, ਪਰ ਖੇਤੀ ਵਿੱਚ ਵਰਤੀਆਂ ਜਾਣ ਵਾਲੀਆਂ ਜ਼ਹਿਰਾਂ ਦੀ ਬੇਲੋੜੀ ਵਰਤੋਂ ਮਨੁੱਖੀ ਸਿਹਤ ਲਈ ਵੀ ਨੁਕਸਾਨਦਾਇਕ ਹੈ। ਜ਼ਹਿਰਾਂ ਦੀ ਅਣਗਹਿਲੀ ਨਾਲ ਵਰਤੋਂ ਜਿਵੇਂ ਕਿ ਜ਼ਹਿਰਾਂ ਦੇ ਡੱਬਿਆਂ ਨੂੰ ਗ਼ਲਤ ਢੰਗ ਨਾਲ ਖੋਲ਼੍ਹਣਾ, ਛਿੜਕਾਅ ਦੌਰਾਨ ਜ਼ਰੂਰੀ ਸਾਵਧਾਨੀਆਂ ਨਾ ਵਰਤਣਾ ਅਤੇ ਬਚੀ-ਖੁਚੀ ਦਵਾਈ ਨੂੰ ਸੁਰੱਖਿਅਤ ਜਗ੍ਹਾ ਸਟੋਰ ਨਾ ਕਰਨਾ ਆਦਿ ਕਾਰਨ ਕਈ ਵਾਰ ਦੁਰਘਟਨਾਵਾਂ ਵਾਪਰਦੀਆਂ ਹਨ। ਖੇਤੀ ਜ਼ਹਿਰਾਂ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਦਾ ਇਕ ਤਿਹਾਈ ਹਿੱਸਾ ਭਾਰਤ ਵਿੱਚ ਹੀ ਵਾਪਰਦਾ ਹੈ। ਇਸ ਲਈ ਜ਼ਹਿਰਾਂ ਦੀ ਸੁਰੱਖਿਅਤ ਵਰਤੋਂ ਕਰਨੀ ਜ਼ਰੂਰੀ ਹੈ ਤਾਂ ਜੋ ਫ਼ਸਲਾਂ ਤੋਂ ਵਧੇਰੇ ਝਾੜ ਪ੍ਰਾਪਤ ਕੀਤਾ ਜਾ ਸਕੇ ਅਤੇ ਮਨੁੱਖੀ ਸਿਹਤ ’ਤੇ ਕੋਈ ਮਾੜਾ ਪ੍ਰਭਾਵ ਨਾ ਪਵੇ। ਇਸ ਸਬੰਧੀ ਕੁਝ ਜ਼ਰੂਰੀ ਨੁਕਤੇ ਹੇਠਾਂ ਸਾਝੇਂ ਕੀਤੇ ਜਾ ਰਹੇ ਹਨ:
ਖੇਤੀ ਜ਼ਹਿਰਾਂ ਦੇ ਛਿੜਕਾਅ ਤੋਂ ਪਹਿਲਾਂ ਵਿਚਾਰਨ ਯੋਗ ਗੱਲਾਂ
* ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੇ ਗਏ ਰਸਾਇਣ ਹੀ ਪੱਕੀ ਰਸੀਦ ਲੈ ਕੇ ਖ਼ਰੀਦੋ।
* ਖੇਤੀ ਜ਼ਹਿਰਾਂ ਦੇ ਡੱਬੇ/ਸ਼ੀਸ਼ੀ ਉੱਪਰ ਬਣੀ ਤਿਕੋਣ ਦਾ ਰੰਗ ਦੇਖੋ ਅਤੇ ਹਰੇ ਤਿਕੋਣ ਵਾਲੀਆਂ ਜ਼ਹਿਰਾਂ ਨੂੰ ਤਰਜ਼ੀਹ ਦਿਓ।
* ਖੇਤੀ ਰਸਾਇਣਾਂ ਦੇ ਡੱਬੇ ਉੱਤੇ ਲੱਗੇ ਲੇਬਲ ਨੂੰ ਧਿਆਨ ਨਾਲ ਪੜ੍ਹੋ ਅਤੇ ਅਮਲ ਕਰੋ।
* ਨਦੀਨਨਾਸ਼ਕਾਂ ਅਤੇ ਕੀਟਨਾਸ਼ਕਾਂ/ਉੱਲ੍ਹੀਨਾਸ਼ਕਾਂ ਲਈ ਵੱਖੋ-ਵੱਖਰੇ ਸਪਰੇਅ ਪੰਪ ਵਰਤੋ।
* ਖੇਤੀ ਜ਼ਹਿਰਾਂ ਦੇ ਛਿੜਕਾਅ ਤੋਂ ਪਹਿਲਾਂ, ਕੱਪੜੇ ਧੋਣ ਵਾਲੇ ਸੋਢੇ ਨਾਲ ਪੰਪ ਨੂੰ ਚੰਗੀ ਤਰ੍ਹਾਂ ਧੋ ਲਉ।
* ਛਿੜਕਾਅ ਲਈ ਪਾਣੀ, ਪੰਪ, ਨੋਜ਼ਲ ਅਤੇ ਸਹੀ ਮਿਣਤੀ ਵਾਲੇ ਮਾਪ ਆਦਿ ਦਾ ਇੰਤਜ਼ਾਮ ਰੱਖੋ ਅਤੇ ਇਸ ਗੱਲ ਦਾ ਧਿਆਨ ਰੱਖੋ ਕਿ ਪੰਪ ਜਾਂ ਨੋਜ਼ਲ ਲੀਕ/ਖ਼ਰਾਬ ਨਾ ਹੋਣ।
* ਛਿੜਕਾਅ ਕਰਨ ਵਾਲੇ ਆਦਮੀ ਦੇ ਸਰੀਰ ਉੱਪਰ ਕੋਈ ਜ਼ਖ਼ਮ ਨਾ ਹੋਵੇ। ਸਰੀਰ ਚੰਗੀ ਤਰ੍ਹਾਂ ਸਾਫ਼ ਕੱਪੜਿਆਂ ਨਾਲ ਛਿੜਕਾਅ ਕਰਨ ਤੋਂ ਪਹਿਲਾਂ ਢੱਕ ਲਉ।
* ਛਿੜਕਾਅ ਕਰਨ ਤੋਂ ਪਹਿਲਾਂ ਆਪਣੇ ਖੇਤਾਂ ਦੇ ਆਸ-ਪਾਸ, ਮਧੂ-ਮੱਖੀ ਪਾਲਕਾਂ ਨੂੰ ਸੂਚਨਾ ਦਿਓ।
* ਛਿੜਕਾਅ ਉਪਰੰਤ ਮੂੰਹ-ਹੱਥ ਧੋਣ ਲਈ ਸਾਫ਼ ਪਾਣੀ ਅਤੇ ਸਾਬਣ ਦਾ ਪ੍ਰਬੰਧ ਪਹਿਲਾਂ ਹੀ ਕਰ ਲਵੋ।
* ਖੇਤੀ ਰਸਾਇਣਾਂ ਨੂੰ ਕਦੇ ਵੀ ਖਾਣ-ਪੀਣ ਵਾਲੀਆਂ ਚੀਜ਼ਾਂ ਜਾਂ ਹੋਰ ਰਸਾਇਣਾਂ ਦੇ ਨੇੜੇ ਨਹੀਂ ਰੱਖਣਾ ਚਾਹੀਦਾ।
ਛਿੜਕਾਅ ਦੌਰਾਨ ਧਿਆਨ ਯੋਗ ਗੱਲਾਂ
* ਕੀਟਨਾਸ਼ਕਾਂ/ਉਲ਼ੀਨਾਸ਼ਕਾਂ ਦਾ ਛਿੜਕਾਅ ਹਮੇਸ਼ਾਂ ਸਵੇਰ ਜਾਂ ਸ਼ਾਮ ਨੂੰ ਹੀ ਕਰੋ।
* ਛਿੜਕਾਅ ਕਦੇ ਵੀ ਖਾਲੀ ਪੇਟ ਨਾ ਕਰੋ ਅਤੇ ਛਿੜਕਾਅ ਕਰਨ ਤੋਂ ਪਹਿਲਾਂ ਖਾਣਾ ਜ਼ਰੂਰ ਖਾ ਲਓ।
* ਇਕੱਲੇ ਛਿੜਕਾਅ ਨਾ ਕਰੋ ਅਤੇ ਸਪਰੇਅ ਕਰਨ ਵੇਲੇ ਕੁਝ ਵੀ ਖਾਣਾ-ਪੀਣਾ, ਚਬਾਉਣਾ ਜਾਂ ਸਿਗਰਟਨੋਸ਼ੀ ਨਹੀਂ ਕਰਨੀ ਚਾਹੀਦੀ।
* ਸਿਫ਼ਾਰਸ਼ ਅਨੁਸਾਰ ਜ਼ਹਿਰਾਂ ਦੀ ਮਿਕਦਾਰ ਅਤੇ ਛਿੜਕਾਅ ਦੇ ਸਮੇਂ ਦਾ ਪਾਲਣ ਕਰੋ।
* ਹਮੇਸ਼ਾਂ ਅੱਖਾਂ ਉੱਪਰ ਐਨਕ, ਨੱਕ ਅਤੇ ਮੂੰਹ ਉੱਪਰ ਮਾਸਕ ਪਾ ਕੇ ਹੀ ਛਿੜਕਾਅ ਕਰੋ।
* ਰਸਾਇਣਾਂ ਦੇ ਪੈਕੇਟ ਪਾੜ ਕੇ ਨਹੀਂ ਖੋਲ੍ਹਣੇ ਚਾਹੀਦੇ, ਸਗੋਂ ਉਨ੍ਹਾਂ ਨੂੰ ਚਾਕੂ/ਕੈਂਚੀ ਨਾਲ ਕੱਟਣਾ ਚਾਹੀਦਾ ਹੈ।
* ਰਸਾਇਣਾਂ ਦਾ ਘੋਲ ਬਣਾਉਣ ਲਈ ਡਰੰਮ ਅਤੇ ਰਸਾਇਣ ਘੋਲਣ ਲਈ ਲੰਬੇ ਦਸਤੇ ਵਾਲੀ ਕੋਈ ਚੀਜ਼ ਵਰਤਣੀ ਚਾਹੀਦੀ ਹੈ, ਤਾਂ ਜੋ ਰਸਾਇਣ ਦੇ ਛਿੱਟੇ ਘੋਲਣ ਵਾਲੇ ਵਿਅਕਤੀ ਉੱਤੇ ਨਾ ਪੈਣ।
* ਸਪਰੇਅ ਲਈ ਹਮੇਸ਼ਾਂ ਸਾਫ਼ ਪਾਣੀ ਹੀ ਵਰਤੋ।
* ਹਮੇਸ਼ਾ ਹੀ ਛਿੜਕਾਅ ਹਵਾ ਦੇ ਰੁਖ਼ ਅਨੁਸਾਰ ਹੀ ਕਰੋ ਅਤੇ ਇਸ ਗੱਲ ਦਾ ਧਿਆਨ ਰੱਖੋ ਕਿ ਛਿੜਕਾਅ ਉੱਡ ਕੇ ਕਿਸੇ ਪਾਣੀ ਦੇ ਸੋਮੇ ਜਾਂ ਸਬਜ਼ੀ ਵਾਲੀ ਫ਼ਸਲ ’ਤੇ ਨਾ ਪਵੇ।
* ਬੰਦ ਨੋਜ਼ਲ ਨੂੰ ਮੂੰਹ ਨਾਲ ਫੂਕ ਮਾਰ ਕੇ ਖੋਲ੍ਹਣ ਦੀ ਗ਼ਲਤੀ ਕਦੇ ਨਾ ਕਰੋ, ਉਸ ਨੂੰ ਖੋਲ੍ਹ ਕੇ ਚੰਗੀ ਤਰ੍ਹਾਂ ਅੰਦਰੋਂ ਸਾਫ਼ ਕਰ ਲਉ।
* ਜੇ ਪੁਰਾਣੀ ਨੋਜ਼ਲ ਦੀ ਪਾਣੀ ਕੱਢਣ ਦੀ ਦਰ ਮੁੱਢਲੀ ਦਰ ਨਾਲੋਂ 10-15% ਵਧ ਜਾਵੇ ਤਾਂ ਇਸ ਨੂੰ ਬਦਲ ਦਿਓ।
* ਰਸਾਇਣਾਂ ਦਾ ਛਿੜਕਾਅ ਕਰਨ ਵਾਲੇ ਬੰਦੇ ਨੂੰ ਦਿਹਾੜੀ ਵਿੱਚ ਅੱਠ ਘੰਟੇ ਤੋਂ ਵੱਧ ਕੰਮ ਨਹੀਂ ਕਰਨਾ ਚਾਹੀਦਾ।
ਛਿੜਕਾਅ ਤੋਂ ਬਾਅਦ ਧਿਆਨ ਯੋਗ ਗੱਲਾਂ:
* ਪੰਪ ਨੂੰ ਕੀਟਨਾਸ਼ਕਾਂ ਦੇ ਛਿੜਕਾਅ ਤੋਂ ਬਾਅਦ ਕੱਪੜੇ ਧੋਣ ਵਾਲੇ ਸੌਢੇ ਨਾਲ ਸਾਫ਼ ਕਰ ਕੇ ਰੱਖੋ।
* ਬਚੇ ਹੋਏ ਕੀਟਨਾਸ਼ਕ ਜ਼ਹਿਰਾਂ ਦੇ ਡੱਬਿਆਂ ਨੂੰ ਬੱਚਿਆਂ ਅਤੇ ਪਸ਼ੂਆਂ ਦੀ ਪਹੁੰਚ ਤੋਂ ਦੂਰ ਰੱਖੋ। ਖਾਲੀ ਡੱਬਿਆਂ ਨੂੰ ਘਰਾਂ ਵਿੱਚ ਕਿਸੇ ਕੰਮ ਲਈ ਨਾ ਵਰਤੋਂ ਅਤੇ ਨਸ਼ਟ ਕਰ ਕੇ ਮਿੱਟੀ ਵਿੱਚ ਦੱਬੋ।
* ਕੀਟਨਾਸ਼ਕਾਂ ਦਾ ਛਿੜਕਾਅ ਕਰਨ ਵਾਲੇ ਆਦਮੀ ਨੂੰ ਵੀ ਸਾਫ਼ ਪਾਣੀ ਅਤੇ ਸਾਬਣ ਨਾਲ ਨਹਾਉਣਾ ਚਾਹੀਦਾ ਹੈ।
* ਛਿੜਕਾਅ ਦੌਰਾਨ ਪਹਿਨੇ ਸਾਰੇ ਕੱਪੜੇ ਅਤੇ ਸੇਫਟੀ ਕਿੱਟ ਨੂੰ ਵੀ ਧੋ ਲਵੋ।
* ਛਿੜਕਾਅ ਦੀ ਮਿਤੀ, ਕੀਟਨਾਸ਼ਕ ਦਾ ਨਾਮ, ਕੰਪਨੀ, ਮਾਤਰਾ, ਕੀਮਤ ਅਤੇ ਕੀੜੇ ਆਦਿ ਦੀ ਜਾਣਕਾਰੀ ਕਾਪੀ ’ਤੇ ਨੋਟ ਕਰ ਲਵੋ।
* ਰਸਾਇਣਾਂ ਦਾ ਛਿੜਕਾਅ ਕਰਨ ਵਾਲੇ ਕਾਮਿਆਂ ਨੂੰ ਕੁਝ ਵਕਫ਼ੇ ਪਿੱਛੋਂ ਡਾਕਟਰ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਹੈ।
* ਖੇਤੀ ਜ਼ਹਿਰਾਂ ਨੂੰ ਹਮੇਸ਼ਾ ਲੇਬਲ ਲੱਗੇ ਡੱਬੇ ਜਾਂ ਸ਼ੀਸ਼ੀ ਵਿੱਚ ਹੀ ਰੱਖੋ।
* ਰਸਾਇਣਾਂ ਨੂੰ ਸੁਰੱਖਿਅਤ ਥਾਂ ਤੇ ਜਿੰਦਰਾ ਲਾ ਕੇ ਰੱਖੋ ਤਾਂ ਜੋ ਬੱਚੇ, ਗ਼ੈਰ-ਜ਼ਿੰਮੇਵਾਰ ਆਦਮੀ ਅਤੇ ਪਾਲਤੂ ਜਾਨਵਰ ਉਨ੍ਹਾਂ ਤੱਕ ਨਾ ਪਹੁੰਚ ਸਕਣ।
* ਛਿੜਕਾਅ ਤੋਂ ਬਾਅਦ ਫ਼ਸਲ ਵੱਢਣ ਲਈ ਨਿਰਧਾਰਿਤ ਵੇਟਿੰਗ ਪੀਰੀਅਡ ਦੀ ਪਾਲਣਾ ਕਰੋ।
ਖੇਤੀ ਜ਼ਹਿਰਾਂ ਦੀ ਵਰਤੋਂ ਦੌਰਾਨ ਹਾਦਸਾ ਹੋਣ ’ਤੇ ਬਚਾਅ ਦੇ ਮੁੱਢਲੇ ਢੰਗ:
ਜੇ ਇਨ੍ਹਾਂ ਦਵਾਈਆਂ ਦਾ ਜ਼ਹਿਰ ਚੜ੍ਹ ਜਾਵੇ ਤਾਂ ਜਲਦੀ ਹੀ ਡਾਕਟਰ ਕੋਲ ਜਾਣਾ ਚਾਹੀਦਾ ਹੈ ਅਤੇ ਡਾਕਟਰੀ ਸਹਾਇਤਾ ਤੋਂ ਪਹਿਲਾਂ ਹੇਠ ਲਿਖੇ ਮੁੱਢਲੇ ਬਚਾਓ ਦੇ ਢੰਗ ਅਪਣਾਅ ਲੈਣੇ ਜ਼ਰੂਰੀ ਹਨ।
* ਅੱਖ ਵਿੱਚ ਦਵਾਈ ਪੈਣ ’ਤੇ ਤੁਰੰਤ ਹੀ ਅੱਖਾਂ ਹੌਲੀ-ਹੌਲੀ ਧੋਣੀਆਂ ਚਾਹੀਦੀਆਂ ਹਨ। ਅੱਖਾਂ ਨੂੰ ਉਸ ਸਮੇਂ ਤੱਕ ਧੋਦੇਂ ਰਹਿਣਾ ਚਾਹੀਦਾ ਹੈ ਜਦੋਂ ਤੱਕ ਡਾਕਟਰ ਨਾ ਪਹੁੰਚ ਜਾਵੇ।
* ਜੇ ਚਮੜੀ ਰਾਹੀਂ ਜ਼ਹਿਰ ਸਰੀਰ ਵਿੱਚ ਚਲਿਆ ਜਾਵੇ ਤਾਂ ਸਰੀਰ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰੋ। ਕੱਪੜੇ ਉਤਾਰ ਕੇ ਸਰੀਰ ’ਤੇ ਲਗਾਤਾਰ ਪਾਣੀ ਪਾਉਂਦੇ ਰਹੋ, ਕਿਉਂਕਿ ਇਸ ਨਾਲ ਕਾਫ਼ੀ ਫ਼ਰਕ ਪੈ ਜਾਂਦਾ ਹੈ।
* ਜ਼ਹਿਰ ਨਿਗਲ ਜਾਣ ’ਤੇ ਜਲਦੀ ਹੀ ਉਲਟੀ ਕਰਾ ਕੇ ਮਰੀਜ਼ ਦੇ ਪੇਟ ਵਿੱਚੋਂ ਜ਼ਹਿਰ ਕੱਢ ਦੇਣੀ ਚਾਹੀਦੀ ਹੈ। ਇਸ ਲਈ ਇਕ ਚਮਚ (15 ਗ੍ਰਾਮ) ਨਮਕ ਗਰਮ ਪਾਣੀ ਦੇ ਗਲਾਸ ਵਿੱਚ ਘੋਲ ਕੇ ਮਰੀਜ਼ ਨੂੰ ਦਿਓ ਅਤੇ ਇਹ ਅਮਲ ਉਸ ਸਮੇਂ ਤੱਕ ਦੁਹਰਾਉਂਦੇ ਰਹੋ ਜਿੰਨਾ ਚਿਰ ਤੱਕ ਕਿ ਉਲਟੀ ਨਾ ਆ ਜਾਵੇ।
* ਜੇ ਜ਼ਹਿਰ ਚੜ੍ਹਨ ਕਾਰਨ ਮਰੀਜ਼ ਨੂੰ ਸਾਹ ਦੀ ਤਕਲੀਫ਼ ਹੋਵੇ ਤਾਂ ਜਲਦੀ ਹੀ ਖੁੱਲ੍ਹੀ ਹਵਾ ਵਿੱਚ ਲੈ ਜਾਓ (ਤੋਰ ਕੇ ਨਹੀਂ)। ਜੇ ਸਾਹ ਬੰਦ ਹੋ ਜਾਵੇ ਜਾਂ ਸਾਹ ਵਿੱਚ ਤਬਦੀਲੀ ਆ ਜਾਵੇ ਤਾਂ ਆਰਜ਼ੀ ਤੌਰ ’ਤੇ ਸਾਹ ਦਿਵਾਉਣਾ ਚਾਹੀਦਾ ਹੈ, ਪਰ ਛਾਤੀ ਤੇ ਕੋਈ ਦਬਾਅ ਨਹੀਂ ਦੇਣਾ ਚਾਹੀਦਾ।
*ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਰੀਦਕੋਟ।
**ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ।