ਵਰਿੰਦਰ ਸਿੰਘ ਨਿਮਾਣਾ
ਅੱਜ ਪੰਜਾਬ ਵਿੱਚ ਰਵਾਇਤੀ ਰੁੱਖਾਂ ਦੇ ਘਟਣ, ਲੋਕਾਂ ਦੇ ਰੁੱਖਾਂ ਨਾਲ ਘਟ ਰਹੇ ਮੋਹ ਤੇ ਜ਼ਮੀਨਾਂ ਦੇ ਘੱਟ ਰਹੇ ਆਕਾਰ ਕਰਕੇ ਹਾੜ੍ਹ ਸਾਉਣ ਦੀ ਰੁੱਤੇ ਪਿੰਡਾਂ ਵਿੱਚ ਦੇਸੀ ਅੰਬਾਂ ਦੇ ਬਾਗ਼ਾਂ ਵਾਲੀਆਂ ਰੌਣਕਾਂ ਤੇ ਬਹਾਰਾਂ ਹੁਣ ਦੇਖਣ ਨੂੰ ਨਹੀਂ ਮਿਲਦੀਆਂ। ਜਿਨ੍ਹਾਂ ਦੇ ਬਚਪਨ ਦੀਆਂ ਸਕੂਲੀ ਛੁੱਟੀਆਂ ਦੀਆਂ ਮੌਜਾਂ ਖੁਸ਼ਬੂਦਾਰ ਦੇਸੀ ਅੰਬਾਂ ਦੇ ਸੁਆਦ ਨਾਲ ਗੁਜ਼ਰੀਆਂ ਹੋਣਗੀਆਂ, ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਨਾਮੀ ਅੰਬ, ਇਨਾਮੀ ਛੱਲੀ, ਸੰਧੂਰੀ ਛੱਲੀ, ਛੋਟਾ ਸੰਧੂਰੀ, ਪੀਲਾ ਸੰਧੂਰੀ, ਆਂਡਾ, ਬੇਰ, ਗੋਲਾ, ਬੱਡ, ਕੰੰਘੀ, ਕਿਤਾਬੀ ਅੰਬ, ਸੌਂਫੀ, ਸੰਧੂਰੀ, ਸਫੈਦਾ, ਆੜੂ ਅਤੇ ਲੱਡੂ ਆਦਿ ਕਿਸਮਾਂ ਦੇ ਦੇਸੀ ਅੰਬਾਂ ਦੀ ਖ਼ਾਸੀਅਤ ਕੀ ਹੁੰਦੀ ਹੈ। ਭਾਵੇਂ ਪੰਜਾਬ ਦੇ ਬਹੁਤੇ ਇਲਾਕੇ ’ਚੋਂ ਅੰਬਾਂ ਦੀਆਂ ਅਜਿਹੀਆਂ ਦੇਸੀ ਕਿਸਮਾਂ ਪੂਰੀ ਤਰ੍ਹਾਂ ਲੋਪ ਹੋ ਚੁੱਕੀਆਂ ਹਨ, ਪਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਕੋਲ ਪੈਂਦੇ ਪਿੰਡ ਬੱਸੀ ਉਮਰ ਖਾਨ ਵਿਖੇ ਕਈ ਦਹਾਕੇ ਪੁਰਾਣੇ ‘ਇਨਾਮੀ ਬਾਗ਼’ ਵਿੱਚ ਪੰਜਾਬ ਦੀਆਂ ਦੇਸੀ ਤੇ ਰਵਾਇਤੀ ਕਿਸਮਾਂ ਦੇ ਅੰਬਾਂ ਦੀ ਮਹਿਕ ਦੇ ਜਲਵੇ ਅਜੇ ਵੀ ਦੇਖੇ ਜਾ ਸਕਦੇ ਹਨ।
ਇਸ ਬਾਗ਼ ਵਿੱਚ ਅਜੇ ਵੀ 150 ਤੋਂ ਵੱਧ ਦੇਸੀ ਕਿਸਮ ਦੇ ਅੰਬ ਮੌਜੂਦ ਹਨ ਜਿਨ੍ਹਾਂ ਦੇ ਨਾਂ ਫ਼ਲਾਂ ਦੇ ਆਕਾਰ, ਰੰਗ ਰੂਪ ਤੇ ਸੁਆਦ ਮੁਤਾਬਿਕ ਪੀੜ੍ਹੀ ਦਰ ਪੀੜ੍ਹੀ ਇਸੇ ਤਰ੍ਹਾਂ ਚੱਲ ਰਹੇ ਹਨ। ਦੋਆਬੇ ਦੇ ਹੋਰ ਪੁਰਾਣੇ ਅੰਬਾਂ ਦੇ ਬਾਗ਼ਾਂ ਵਾਂਗ ਹੀ ਇਨਾਮੀ ਬਾਗ਼ ਨੂੰ ਵੀ ਵੰਡ ਤੋਂ ਪਹਿਲਾਂ ਮੁਸਲਮਾਨ ਜ਼ੈਲਦਾਰਾਂ ਨੇ ਆਪਣੀ ਰੂਹ ਨੂੰ ਸਕੂਨ ਦੇਣ ਤੇ ਮੌਸਮੀ ਨਿਆਮਤਾਂ ਦੇ ਰੰਗ ਮਾਣਨ ਦੇ ਮੰਤਵ ਨਾਲ ਲਗਵਾਇਆ ਸੀ। ਉਨ੍ਹਾਂ ਅੰਬ ਦੇ ਬੂਟੇ ਪਾਲਣ ਲਈ ਕਾਮਿਆਂ ਤੋਂ ਮਸ਼ਕਾਂ ਨਾਲ ਪਾਣੀ ਪੁਆਇਆ ਤੇ ਬਾਗ਼ਾਂ ਵਿੱਚ ਪਸ਼ੂ ਚਾਰਨ ਦੀ ਪਾਬੰਦੀ ਵੀ ਲਗਵਾਈ। ਪੁਰਾਣੇ ਸਮਿਆਂ ’ਚ ਇਸ ਬਾਗ਼ ਦੇ ਅੰਬ ਰਾਜੇ ਮਹਾਰਾਜਿਆਂ ਦੇ ਦਰਬਾਰ ਪਹੁੰਚਦੇ ਤੇ ਇਹ ਦੇਸੀ ਅੰਬ ਆਪਣੇ ਲਾਜਵਾਬ ਸੁਆਦ ਤੇ ਖੁਸ਼ਬੋ ਕਰਕੇ ਰਾਜੇ-ਮਹਾਰਾਜਿਆਂ ਨੂੰ ਏਨੇ ਪਸੰਦ ਆਏ ਕਿ ਉਨ੍ਹਾਂ ਨੇ ਬਾਗ਼ ਦੇ ਅੰਬਾਂ ਨੂੰ ਇਨਾਮ ਦੇ ਕੇ ਮਾਲਕਾਂ ਦਾ ਇਨਾਮਾਂ ਤੇ ਸਨਮਾਨਾਂ ਨਾਲ ਮਾਣ ਵਧਾਇਆ ਜਿਸ ਕਰਕੇ ਬਾਗ਼ ਦਾ ਨਾਂ ‘ਇਨਾਮੀ ਬਾਗ਼’ ਪੈ ਗਿਆ। ਅੰਗਰੇਜ਼ਾਂ ਦੇ ਸਮੇਂ ’ਚ ਵੱਡੇ ਅਫ਼ਸਰ ਇਸ ਬਾਗ਼ ਦੇ ਅੰਬਾਂ ਦਾ ਸੁਆਦ ਮਾਣਨ ਲਈ ਉਚੇਚੇ ਤੌਰ ’ਤੇ ਪਹੁੰਚਿਆ ਕਰਦੇ ਸਨ। ਹੁਣ ਵੀ ਇਸ ਬਾਗ਼ ਦੇ ਅੰਬ ਹਾਸਲ ਕਰਨ ਲਈ ਵੱਡੇ ਅਫ਼ਸਰਾਂ, ਵਜ਼ੀਰਾਂ ਦੇ ਨਜ਼ਦੀਕੀ ਸਵੇਰੇ ਸਵੇਰੇ ਹੀ ਬਾਗ਼ ’ਚ ਹਾਜ਼ਰ ਹੋਏ ਦਿਸਦੇ ਹਨ। ਇਲਾਕੇ ’ਚ ਅਜੇ ਵੀ ਦੂਰ ਦੁਰਾਡੇ ਬੈਠੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ’ਚ ਇਨਾਮੀ ਬਾਗ਼ ਦੇ ਦੇਸੀ ਅੰਬਾਂ ਦੀ ਸੌਗਾਤ ਭੇਜਣ ਦਾ ਰਿਵਾਜ ਬਰਕਰਾਰ ਹੈ।
ਇਸ ਬਾਗ਼ ਵਿੱਚ ਸੰਧੂਰੀ ਅੰਬ ਦੀਆਂ ਕਈ ਕਿਸਮਾਂ ਮੌਜੂਦ ਹਨ। ਸਾਰੀਆਂ ਸੰਧੂਰੀਆਂ ਦਾ ਆਕਾਰ, ਮਹਿਕ ਤੇ ਸੁਆਦ ਵੱਖੋ ਵੱਖਰਾ ਹੋਣ ਕਰਕੇ ਇਹ ਦੇਖਣ ਵਾਲੇ ਲਈ ਵੱਖਰੇ ਅਨੁਭਵ ਦਾ ਸਬੱਬ ਬਣ ਜਾਂਦੀਆਂ ਹਨ। ਸੌਂਫੀ ਅੰਬ ਆਪਣੀ ਹਲਕੀ ਪੀਲੀ ਭਾਅ ਦੇ ਨਾਲ ਨਾਲ ਆਪਣੇ ਸੌਂਫ ਵਰਗੇ ਸੁਆਦ ਨਾਲ ਵੀ ਆਨੰਦਿਤ ਕਰ ਦਿੰਦਾ ਹੈ। ਬਾਗ਼ ਦੀ ਛੱਲੀ ਦੇ ਵੀ ਕਈ ਆਕਾਰ ਹਨ, ਕੋਈ ਛੋਟੀ ਛੱਲੀ ਹੈ, ਕੋਈ ਵੱਡੀ ਤੇ ਕਿਤੇ ਸੰਧੂਰੀ ਛੱਲੀ, ਪਰ ਸੁਆਦ ਤੇ ਮਹਿਕ ਸਾਰੀਆਂ ਦੀ ਹੀ ਲਾਜਵਾਬ ਹੈ। ਗੋਲਾ ਅੰਬ ਗੁੱਛਿਆਂ ਦੇ ਰੁੂਪ ਵਿੱਚ ਲੱਗਦਾ ਹੈ। ਇਹ ਆਪਣੇ ਵੱਡੇ ਆਕਾਰ ਤੇ ਸੁਆਦਲੀ ਮਹਿਕ ਨਾਲ ਖਾਣ ਵਾਲੇ ਦੀ ਧੁਰ ਰੂਹ ਤੱਕ ਲਹਿ ਜਾਣ ਦੇ ਸਮਰੱਥ ਹੈ। ਕੁੱਪੀ ਕਿਸਮ ਦਾ ਅੰਬ ਆਪਣੀ ਮਿਠਾਸ ਤੇ ਖ਼ੁਸ਼ਬੋ ਕਾਰਨ ਸੁਆਦ ਨੂੰ ਨਿਵੇਕਲੀਆਂ ਛੋਹਾਂ ਦੇ ਦਿੰਦਾ ਹੈ। ਕਿਤਾਬੀ ਅੰਬ ਦੀ ਸ਼ਕਲ ਕਿਤਾਬਾਂ ਵਿੱਚ ਛਪੇ ਅੰਬ ਵਰਗੀ ਹੋਣ ਕਰਕੇ ਇਸ ਨੂੰ ਕਿਤਾਬੀ ਅੰਬ ਹੋਣ ਦਾ ਖਿਤਾਬ ਦਿੱਤਾ ਗਿਆ ਹੈ। ਬਾਗ਼ ਵਿਚਲੇ ਦੇਖਣ ਨੂੰ ਸਾਧਾਰਨ ਜਿਹੇ ਦਿਸਦੇ ਬੇਰ, ਆਂਡਾ, ਸਫੈਦਾ ਤੇ ਆੜੂ ਅੰਬ ਆਪਣੀ ਵੰਨ ਸੁਵੰਨੀ ਮਹਿਕ ਤੇ ਸੁਆਦ ਨਾਲ ਅੰਬ ਚੂਪਣ ਵਾਲੇ ਦੀ ਮਾਨਸਿਕ ਤਸੱਲੀ ਕਰਾ ਦਿੰਦੇ ਹਨ।
ਇਨਾਮੀ ਬਾਗ਼ ਵਿਚਲੇ ਅੰਬਾਂ ਦੀ ਖ਼ਾਸੀਅਤ ਇਹ ਵੀ ਹੈ ਕਿ ਇੱਥੇ ਅੰਬਾਂ ਨੂੰ ਜ਼ਹਿਰਾਂ ਵਰਗੀਆਂ ਦਵਾਈਆਂ ਲਾ ਕੇ ਛੇਤੀ ਨਹੀਂ ਪਕਾਇਆ ਜਾਂਦਾ ਸਗੋਂ ਕੁਦਰਤੀ ਮਾਹੌਲ ’ਚ ਪੱਕਦੇ ਹਨ ਜਿਹੜਾ ਸਿਹਤ ਵਾਸਤੇ ਕਿਸੇ ਕਿਸੇ ਔਸ਼ਧੀ ਤੋਂ ਘੱਟ ਨਹੀਂ। ਪੱਕਿਆ ਫ਼ਲ ਰਾਤ ਨੂੰ ਟਪਕ ਕੇ ਜ਼ਮੀਨ ’ਤੇ ਡਿੱਗਿਆ ਹੁੰਦਾ ਹੈ ਤੇ ਬਾਗ਼ ਦੇ ਕਾਮੇ ਸਵੇਰੇ ਉੱਠ ਕੇ ਥੱਲੇ ਡਿੱਗੇ ਸਾਰੇ ਅੰਬ ਗਾਹਕਾਂ ਲਈ ਇੱਕ ਥਾਂ ਇਕੱਠਾ ਕਰਕੇ ਰੱਖਦੇ ਹਨ। ਇਸ ਬਾਗ਼ ਦੀਆਂ ਕੁਦਰਤੀ ਨਿਆਮਤਾਂ ਨੂੰ ਮਾਣਨ ਲਈ ਸਵੇਰੇ ਜਲਦੀ ਹੀ ਬਾਗ਼ ’ਚ ਹਾਜ਼ਰੀ ਭਰਨੀ ਪੈਂਦੀ ਹੈ ਕਿਉਂਕਿ ਇਨ੍ਹਾਂ ਨੂੰ ਲੈਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਇਨਾਮੀ ਬਾਗ਼ ਦੇ ਠੇਕੇਦਾਰਾਂ ਨੂੰ ਆਪਣੀ ਜਿਣਸ ਵੇਚਣ ਲਈ ਕਿਸੇ ਮੰਡੀ ’ਚ ਨਹੀਂ ਜਾਣਾ ਪੈਂਦਾ, ਸਗੋਂ ਅੰਬਾਂ ਦੇ ਸਾਰੇ ਸੀਜ਼ਨ ਇਨ੍ਹਾਂ ਦੀ ਅਗੇਤੀ ਬੁਕਿੰਗ ਚੱਲਦੀ ਰਹਿੰਦੀ ਹੈੈ। ਬਾਗ਼ ’ਚ ਕਈ ਕਿਸਮਾਂ ਸਿਰਫ਼ ਆਚਾਰ ਤੇ ਚਟਨੀ ਬਣਾਉਣ ਦੇ ਹੀ ਕੰਮ ਆਉਂਦੀਆਂ ਹਨ। ਖੁਰਾਕੀ ਤੱਤਾਂ ਪੱਖੋਂ ਅੰਬ ’ਚ ਕਾਰਬੋਹਾਈਡ੍ਰੇਟਸ, ਸ਼ੂਗਰ, ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਵਿਟਾਮਿਨ ਏ, ਬੀ ਤੇ ਸੀ ਦੀ ਵਧੇਰੇ ਮਾਤਰਾ ਹੋਣ ਕਰਕੇ ਇਸ ਦਾ ਸੇਵਨ ਸਿਹਤ ਲਈ ਕਾਫ਼ੀ ਲਾਹੇਵੰਦ ਮੰਨਿਆ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ’ਚ ਅੰਬਾਂ ਦੇ ਰੁੱਖ ਵੱਢਣ ’ਤੇ ਪਾਬੰਦੀ ਲਾਉਣ ਨਾਲ ਇਸ ਤਰ੍ਹਾਂ ਦੇ ਦਹਾਕੇ ਪੁਰਾਣੇ ਰੁੱਖਾਂ ਦੀ ਉਮਰ ਵਧੀ ਹੈ। ਸਰਕਾਰ ਵੱਲੋਂ ਇਸ ਬਾਗ਼ ਦੀ ਭੂਗੋਲਿਕ ਤੇ ਇਤਿਹਾਸਕ ਮਹੱਤਤਾ ਨੂੰ ਦੇਖਦਿਆਂ ਇਸ ਨੂੰ ‘ਫਸਟ ਨੈਸ਼ਨਲ ਬਾਇਓਡਾਇਵਰਸਿਟੀ ਹੈਰੀਟੇਜ਼ ਸਾਈਟ ਆਫ ਪੰਜਾਬ’ ਐਲਾਨ ਕੇ ਇਸ ਦੀ ਸਾਂਭ ਸੰਭਾਲ ਲਈ ਉਪਰਾਲੇ ਕੀਤੇ ਗਏ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜ਼ਿਲ੍ਹੇ ’ਚ ਦਸੂਹਾ ਨੇੜੇ ਪੈਂਦੇ ਫ਼ਲ ਖੋਜ ਕੇਂਦਰ ਗੰਗੀਆ ਵਿਖੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਉਸ ਵੇਲੇ ਪੀਏਯੂ ਦੇ ਵਾਈਸ ਚਾਂਸਲਰ ਡਾ. ਮਹਿੰਦਰ ਸਿੰਘ ਰੰਧਾਵਾ ਦੇ ਯਤਨਾਂ ਨਾਲ 1972 ਵਿੱਚ ਪੰਜਾਬ ਤੇ ਹੋਰ ਥਾਵਾਂ ’ਚ ਸਰਵੇ ਕਰਵਾ ਕੇ ਦੇਸੀ ਅੰਬਾਂ ਦੀਆਂ ਸੁਆਦ, ਬਣਤਰ ਤੇ ਆਕਾਰ ਪੱਖੋਂ ਵਧੀਆ ਕਿਸਮਾਂ ਦੇ ਬੂਟੇ ਸੰਭਾਲੇ ਗਏ ਹਨ, ਜਿਨ੍ਹਾਂ ਤੋਂ ਨਵੇਂ ਪੌਦੇ ਤਿਆਰ ਕੀਤੇ ਜਾਂਦੇ ਹਨ। ਹੁਸ਼ਿਆਰਪੁਰ ਦੇ ਵੱਖ ਵੱਖ ਇਲਾਕਿਆਂ ਵਿੱਚ ਅੰਬਾਂ ਦੀਆਂ ਵੱਖ ਵੱਖ ਕਿਸਮਾਂ ਦੇ ਪੌਦੇ ਲਵਾਉਣ ਲਈ ਯਤਨਸ਼ੀਲ ਪੰਜਾਬੀ ਵਿਕਾਸ ਮੰਚ ਹਰਿਆਣਾ ਨਾਂ ਦੀ ਸੰਸਥਾ ਵੱਲੋਂ ਲੋਕਾਂ ਦੇ ਨਿੱਜੀ ਬਗੀਚਿਆਂ ਅਤੇ ਟਿਊਬਵੈੱਲਾਂ ’ਤੇ ਅੰਬ ਲਾਉਣ ਦੀ ਮੁਹਿੰਮ ਤਹਿਤ ਦੇਸੀ ਅੰਬਾਂ ਦੇ ਬੂਟੇ ਲਵਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਸੰਪਰਕ: 70877-87700