ਪੱਤਰ ਪ੍ਰੇਰਕ
ਯਮੁਨਾਨਗਰ, 10 ਅਗਸਤ
ਅੱਜ ਹਰਿਆਣਾ ਗੌਰਮਿੰਟ ਪੀਡਬਲਯੂਡੀ ਮਕੈਨੀਕਲ ਵਰਕਰਜ਼ ਯੂਨੀਅਨ ਵੱਲੋਂ ਹਰਿਆਣਾ ਸਰਕਾਰ ਦੇ ਖੇਤੀਬਾੜੀ ਮੰਤਰੀ ਕੰਵਰਪਾਲ ਨੂੰ 23 ਸੂਤਰੀ ਮੰਗ ਪੱਤਰ ਸੌਂਪਿਆ। ਇਸ ਮੌਕੇ ਛਛਰੌਲੀ ਸ਼ਾਖਾ ਦੇ ਮੁਖੀ ਸੁਭਾਸ਼ ਸ਼ਿਓਰਾਣ, ਸੂਬਾਈ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਸ਼ਿਆਮ ਸਿੰਘ ਰਾਵਲ, ਜ਼ਿਲ੍ਹਾ ਜਨਰਲ ਸਕੱਤਰ ਸਤੀਸ਼ ਸ਼ਰਮਾ ਅਤੇ ਮੁੱਖ ਸੂਬਾਈ ਪ੍ਰੈੱਸ ਬੁਲਾਰੇ ਸੰਜੀਵ ਬੱਗਾ ਮੌਜੂਦ ਸਨ। ਯੂਨੀਅਨ ਦੇ ਆਗੂਆਂ ਨੂੰ ਮੰਤਰੀ ਨੇ ਭਰੋਸਾ ਦਿਵਾਇਆ ਕਿ ਇਹ ਮੰਗਾਂ ਤੁਰੰਤ ਪ੍ਰਭਾਵ ਨਾਲ ਮੁੱਖ ਮੰਤਰੀ ਤੱਕ ਪਹੁੰਚਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਕਰਮਚਾਰੀਆਂ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਵੀ ਪੂਰਾ ਕੀਤਾ ਜਾਵੇਗਾ। ਇਸ ਮੌਕੇ ਮੌਜੂਦ ਹਰਿਆਣਾ ਸਕਿੱਲ ਵਿਭਾਗ ਦੇ ਸੈਂਕੜੇ ਕਰਮਚਾਰੀਆਂ ਨੇ ਕਿਹਾ ਕਿ ਜ਼ਿਆਦਾਤਰ ਕਰਮਚਾਰੀਆਂ ਦਾ ਜੌਬ ਜੁਆਇਨਿੰਗ ਡਾਟਾ ਸਹੀ ਢੰਗ ਨਾਲ ਦਰਜ ਨਹੀਂ ਕੀਤਾ ਗਿਆ ਹੈ, ਇਸ ’ਚ ਵਿਭਾਗ ਵੱਲੋਂ ਕੁਝ ਤਰੁੱਟੀਆਂ ਰਹਿ ਗਈਆਂ ਹਨ। ਉਨ੍ਹਾਂ ਨੂੰ ਦਰੁਸਤ ਕੀਤਾ ਜਾਵੇ ਅਤੇ ਕਰਮਚਾਰੀਆਂ ਦੀ ਜਿਸ ਸਮੇਂ ਤੋਂ ਪੀਐੱਫ ਦੀ ਕਟੌਤੀ ਸ਼ੁਰੂ ਹੋਈ ਹੈ, ਉਸ ਨੂੰ ਵੀ ਹਰਿਆਣਾ ਸਕਿੱਲ ਵਿਭਾਗ ਦੇ ਰਿਕਾਰਡ ਵਿਚ ਸ਼ਾਮਲ ਕੀਤਾ ਜਾਵੇ ਤਾਂ ਜੋ ਉਸ ਕਰਮਚਾਰੀ ਨੂੰ ਵੀ ਸਰਕਾਰ ਦੁਆਰਾ ਐਲਾਨੀ ਗਈ ਨੀਤੀ ਵਿਚ ਸ਼ਾਮਲ ਕੀਤਾ ਜਾ ਸਕੇ ਅਤੇ ਉਸ ਦੀ ਨੌਕਰੀ ਸਰੱਖਿਅਤ ਬਣੀ ਰਹੇ। ਖੇਤੀਬਾੜੀ ਮੰਤਰੀ ਨੇ ਮੌਕੇ ’ਤੇ ਹੀ ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜਨੀਅਰਾਂ ਨੂੰ ਫੋਨ ’ਤੇ ਕਿਹਾ ਕਿ ਸੰਸਥਾ ਦੇ ਅਧਿਕਾਰੀਆਂ ਦੀ ਗੱਲ ਸੁਣੀ ਜਾਵੇ ਅਤੇ ਵਿਭਾਗ ਵੱਲੋਂ ਜੋ ਵੀ ਤਰੁੱਟੀਆਂ ਰਹਿ ਗਈਆਂ ਹਨ, ਉਨ੍ਹਾਂ ਨੂੰ ਠੀਕ ਕੀਤਾ ਜਾਵੇ।