ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਅਗਸਤ
ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਮੰਗ ਪੱਤਰ ਸੌਂਪ ਕੇ ਦੇਸ਼ ਭਰ ਵਿੱਚ ਸਿੱਖਾਂ ਵਿਰੁੱਧ ਹੋ ਰਹੇ ਨਫਰਤੀ ਪ੍ਰਚਾਰ ਨੂੰ ਰੋਕਣ ਦੀ ਮੰਗ ਕੀਤੀ। ਉਨ੍ਹਾਂ ਜੱਲ੍ਹਿਆਂ ਵਾਲਾ ਬਾਗ ਵਿੱਚ ਸ਼ਹੀਦੀ ਸਮਾਰਕ ’ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਹਵਾਈ ਅੱਡੇ ’ਤੇ ਸਵਾਗਤ ਕੀਤਾ। ਗੁਰੂ ਘਰ ਮੱਥਾ ਟੇਕਣ ਮਗਰੋਂ ਚੀਫ ਜਸਟਿਸ ਨੇ ਯਾਤਰੀ ਕਿਤਾਬ ਵਿੱਚ ਲਿਖਿਆ, ‘‘ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਅਤੇ ਅਰਦਾਸ ਕਰਨ ਦਾ ਸੁਪਨਾ ਸਾਕਾਰ ਹੋਇਆ ਹੈ। ਦੇਸ਼ ਅਤੇ ਮਨੁੱਖਤਾ ਦੀ ਸੇਵਾ ਵਿੱਚ ਇੱਥੇ ਅਰਦਾਸ ਕਰਨ ਦੇ ਯੋਗ ਹੋਣ ਦਾ ਇੱਕ ਵਡਭਾਗਾ ਪਲ ਹੈ।’’ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਸਾਲ 1975 ਵਿੱਚ ਆਪਣੇ ਪਿਤਾ ਨਾਲ ਗੁਰੂ ਘਰ ਵਿਖੇ ਮੱਥਾ ਟੇਕਣ ਆਏ ਸਨ ਅਤੇ ਅੱਜ ਉਨ੍ਹਾਂ ਦੂਜੀ ਵਾਰ ਗੁਰੂ ਘਰ ਮੱਥਾ ਟੇਕਿਆ ਹੈ। ਇਸ ਮੌਕੇ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਨਮਾਨਿਤ ਕੀਤਾ ਅਤੇ ਸੋਸ਼ਲ ਮੀਡੀਆ ਮੰਚਾਂ ’ਤੇ ਸਿੱਖਾਂ ਵਿਰੁੱਧ ਕੀਤੇ ਜਾ ਰਹੇ ਨਫ਼ਰਤੀ ਪ੍ਰਚਾਰ ਰੋਕਣ ਸਬੰਧੀ ਮੰਗ ਪੱਤਰ ਸੌਂਪਿਆ। ਸ੍ਰੀ ਧਾਮੀ ਨੇ ਕਿਹਾ ਕਿ ਕੁਝ ਸ਼ਰਾਰਤੀ ਲੋਕਾਂ ਵੱਲੋਂ ਜਾਣਬੁੱਝ ਕੇ ਸਿੱਖ ਸਿਧਾਂਤਾਂ, ਇਤਿਹਾਸ, ਮਰਿਆਦਾ ਅਤੇ ਪਛਾਣ ਆਦਿ ਸਬੰਧੀ ਸੋਸ਼ਲ ਮੀਡੀਆ ’ਤੇ ਨਫ਼ਰਤੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰਾਂ ਵੀ ਇਸ ਮਾਮਲੇ ਵਿੱਚ ਕੋਈ ਠੋਸ ਕਦਮ ਨਹੀਂ ਚੁੱਕ ਰਹੀਆਂ। ਐਡਵੋਕੇਟ ਧਾਮੀ ਨੇ ਚੀਫ਼ ਜਸਟਿਸ ਤੋਂ ਮੰਗ ਕੀਤੀ ਕੇ ਉਹ ਭਾਰਤੀ ਨਿਆਂ ਪ੍ਰਣਾਲੀ ਦੇ ਸਭ ਤੋਂ ਸਿਖਰਲੇ ਅਹੁਦੇ ’ਤੇ ਹੁੰਦਿਆਂ ਇਸ ਸੰਜੀਦਾ ਮਸਲੇ ਦਾ ਨੋਟਿਸ ਲੈਣ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਆਦਿ ਹਾਜ਼ਰ ਸਨ।