ਕੋਲਕਾਤਾ, 10 ਅਗਸਤ
ਪੱਛਮੀ ਬੰਗਾਲ ਦੇ ਸਰਕਾਰੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੀ ਮਹਿਲਾ ਪੋਸਟ-ਗ੍ਰੈਜੂਏਟ ਟਰੇਨੀ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਖ਼ਿਲਾਫ਼ ਅੱਜ ਸੂਬੇ ਦੇ ਵੱਖ-ਵੱਖ ਹਸਪਤਾਲਾਂ ਦੇ ਜੂਨੀਅਰ ਡਾਕਟਰਾਂ ਨੇ ਰੋਸ ਪ੍ਰਦਰਸ਼ਨ ਕੀਤੇ ਅਤੇ ਜਲੂਸ ਕੱਢੇ। ਉਨ੍ਹਾਂ ਇਸ ਘਟਨਾ ਵਿੱਚ ਸ਼ਾਮਲ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦੇਣ ਦੀ ਮੰਗ ਕੀਤੀ। ਸ਼ੁੱਕਰਵਾਰ ਨੂੰ ਇੱਕ ਮਹਿਲਾ ਡਾਕਟਰ ਦੀ ਲਾਸ਼ ਉੱਤਰੀ ਕੋਲਕਾਤਾ ਦੇ ਹਸਪਤਾਲ ਦੇ ਸੈਮੀਨਾਰ ਹਾਲ ਅੰਦਰ ਮਿਲੀ ਸੀ। ਇਸੇ ਦੌਰਾਨ ਪੁਲੀਸ ਨੇ ਇਸ ਘਟਨਾ ਸਬੰਧੀ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜੱਜ ਨੇ ਮੁਲਜ਼ਮ ਨੂੰ 23 ਅਗਸਤ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਬਾਹਰੀ ਵਿਅਕਤੀ ਹੈ ਅਤੇ ਇਸ ਦਾ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਵਿੱਚ ਆਉਣਾ-ਜਾਣਾ ਸੀ। ਪੋਸਟ-ਗ੍ਰੈਜੂਏਟ ਡਾਕਟਰਾਂ ਸਮੇਤ ਜੂਨੀਅਰ ਡਾਕਟਰਾਂ ਵੱਲੋਂ ਇਸ ਘਟਨਾ ਦੇ ਵਿਰੋਧ ਵਿੱਚ ਕੋਲਕਾਤਾ ਦੇ ਸਰਕਾਰੀ ਕਰ ਮੈਡੀਕਲ ਕਾਲਜ ਤੇ ਹਸਪਤਾਲ, ਨੈਸ਼ਨਲ ਮੈਡੀਕਲ ਕਾਲਜ ਤੇ ਹਸਪਤਾਲ ਅਤੇ ਮੈਡੀਕਲ ਕਾਲਜ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਜਲੂਸ ਕੱਢੇ ਗਏ। ਇਸੇ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਬਰਧਮਾਨ ਮੈਡੀਕਲ ਤੇ ਹਸਪਤਾਲ ਅਤੇ ਬਾਂਕੁਰਾ ਸਮਿਲਨੀ ਮੈਡੀਕਲ ਕਾਲਜ ਸਮੇਤ ਕੁੱਝ ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚ ਵੀ ਕੀਤੇ ਗਏ। ਪੁਲੀਸ ਅਧਿਕਾਰੀ ਨੇ ਕਿਹਾ, ‘‘ਅਸੀਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਬਾਹਰੀ ਹੈ।’’ -ਪੀਟੀਆਈ
ਮੁਲਜ਼ਮ ਨੂੰ ਸਜ਼ਾ-ਏ-ਮੌਤ ਦੇਣ ਦੀ ਮੰਗ ਕਰਾਂਗੇ: ਮਮਤਾ ਬੈਨਰਜੀ
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਟਰੇਨੀ ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੇ ਮਾਮਲੇ ਵਿੱਚ ਉਨ੍ਹਾਂ ਦੀ ਸਰਕਾਰ ਵੱਲੋਂ ਮੁਲਜ਼ਮ ਨੂੰ ਸਜ਼ਾ-ਏ-ਮੌਤ ਦੇਣ ਦੀ ਮੰਗ ਕੀਤੀ ਜਾਵੇਗੀ। ਬੈਨਰਜੀ ਮੁਤਾਬਕ, ਉਨ੍ਹਾਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਕੇਸ ਦੀ ਸੁਣਵਾਈ ਫਾਸਟ ਟਰੈਕ ਕੋਰਟ ਵਿੱਚ ਹੋਵੇ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀ ਡਾਕਟਰਾਂ ਦੀ ਦੋਸ਼ੀ ਨੂੰ ਸਖ਼ਤ ਸਜ਼ਾ ਦਿਵਾਉਣ ਅਤੇ ਹਸਪਤਾਲਾਂ ਵਿੱਚ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਜਾਇਜ਼ ਹੈ। ਮਮਤਾ ਨੇ ਇੱਕ ਬੰਗਾਲੀ ਨਿਊਜ਼ ਚੈਨਲ ਨੂੰ ਕਿਹਾ, ‘‘ਜੂਨੀਅਰ ਡਾਕਟਰਾਂ ਵੱਲੋਂ ਉਠਾਈਆਂ ਗਈਆਂ ਮੰਗਾਂ ਦਾ ਮੈਂ ਸਮਰਥਨ ਕਰਦੀ ਹਾਂ।’’ -ਪੀਟੀਆਈ