ਨਵੀਂ ਦਿੱਲੀ, 10 ਅਗਸਤ
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਅੱਜ ਪਾਰਟੀ ਵਰਕਰਾਂ ਤੇ ਲੋਕਾਂ ਨੂੰ ਦੇਸ਼ ’ਚ ਤਾਨਾਸ਼ਾਹੀ ਖ਼ਿਲਾਫ਼ ਲੜਨ ਦਾ ਸੱਦਾ ਦਿੱਤਾ। ਸਿਸੋਦੀਆ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ’ਚ ਬੀਤੇ ਦਿਨ ਹੀ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ ਸੀ। ਸਿਸੋਦੀਆ ਨੇ ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਹ ਲੋਕ ਸੰਵਿਧਾਨ ਤੋਂ ਜ਼ਿਆਦਾ ਤਾਕਤਵਰ ਨਹੀਂ ਹਨ।
ਉਨ੍ਹਾਂ ਇੱਥੇ ਪਾਰਟੀ ਹੈੱਡਕੁਆਰਟਰ ’ਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਇਸ ਤਾਨਾਸ਼ਾਹੀ ਖ਼ਿਲਾਫ਼ ਲੜਨਾ ਹੋਵੇਗਾ ਜੋ ਨਾ ਸਿਰਫ਼ ਨੇਤਾਵਾਂ ਨੂੰ ਜੇਲ੍ਹ ’ਚ ਡੱਕ ਰਹੀ ਹੈ ਬਲਕਿ ਆਮ ਨਾਗਰਿਕਾਂ ਨੂੰ ਵੀ ਪ੍ਰੇਸ਼ਾਨ ਕਰ ਰਹੀ ਹੈ। ਆਮ ਆਦਮੀ ਪਾਰਟੀ ਦੇ ਨੇਤਾ ਨੇ ਦਾਅਵਾ ਕੀਤਾ ਕਿ ਜਦੋਂ ਉਹ ਜੇਲ੍ਹ ’ਚ ਸੀ ਤਾਂ ਉਨ੍ਹਾਂ ਨੂੰ ਜ਼ਮਾਨਤ ਮਿਲਣ ਦੀ ਫਿਕਰ ਨਹੀਂ ਸੀ ਪਰ ਉਨ੍ਹਾਂ ਨੂੰ ਇਹ ਦੇਖ ਕੇ ਦੁੱਖ ਹੋਇਆ ਕਿ ਵਪਾਰੀਆਂ ਨੂੰ ‘ਫਰਜ਼ੀ ਕੇਸਾਂ ’ਚ ਜੇਲ੍ਹ ’ਚ ਸੁੱਟ ਦਿੱਤਾ ਗਿਆ ਕਿਉਂਕਿ ਉਨ੍ਹਾਂ ਭਾਜਪਾ ਨੂੰ ਚੰਦਾ ਨਹੀਂ ਦਿੱਤਾ।’ ਆਪਣੇ ਸੰਬੋਧਨ ਦੌਰਾਨ ਸਿਸੋਦੀਆ ਨੇ ਪਾਰਟੀ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੀ ਜ਼ਿਕਰ ਕੀਤਾ ਤੇ ਉਨ੍ਹਾਂ ਨੂੰ ਦੇਸ਼ ’ਚ ਇਮਾਨਦਾਰੀ ਦਾ ਪ੍ਰਤੀਕ ਕਰਾਰ ਦਿੱਤਾ। ਕੇਜਰੀਵਾਲ ਵੀ ਇਸੇ ਮਾਮਲੇ ’ਚ ਤਿਹਾੜ ਜੇਲ੍ਹ ’ਚ ਬੰਦ ਹਨ। ਸਿਸੋਦੀਆ ਨੇ ਕਿਹਾ ਕਿ ਕੇਜਰੀਵਾਲ ਦੇ ਕੰਮ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਅਤੇ ਜੇ ਵਿਰੋਧੀ ਧਿਰ ਇਸ ਤਾਨਾਸ਼ਾਹੀ ਖ਼ਿਲਾਫ਼ ਇਕਜੁੱਟ ਹੋ ਜਾਵੇ ਤਾਂ ਕੇਜਰੀਵਾਲ 24 ਘੰਟੇ ਅੰਦਰ ਜੇਲ੍ਹ ਤੋਂ ਬਾਹਰ ਆ ਜਾਣਗੇ। ਉਨ੍ਹਾਂ ਆਪ ਵਰਕਰਾਂ ਨੂੰ ਕਿਹਾ, ‘ਅਸੀਂ ਤਾਂ ਰੱਥ ਦੇ ਸਿਰਫ਼ ਘੋੜੇ ਹਾਂ ਪਰ ਸਾਡਾ ਅਸਲੀ ‘ਸਾਰਥੀ’ ਜੇਲ੍ਹ ’ਚ ਵਿੱਚ ਹੈ। ਉਹ ਜਲਦੀ ਹੀ ਬਾਹਰ ਆ ਜਾਣਗੇ।’
ਸਿਸੋਦੀਆ ਨੇ ਜ਼ਮਾਨਤ ਮਿਲਣ ਦੇ ਫ਼ੈਸਲੇ ’ਤੇ ਕਿਹਾ ਕਿ ਬੀਤੇ ਦਿਨ ਸੁਪਰੀਮ ਕੋਰਟ ਨੇ ਸੰਵਿਧਾਨ ਦੀ ਸ਼ਕਤੀ ਦੀ ਵਰਤੋਂ ਕਰਦਿਆਂ ਤਾਨਾਸ਼ਾਹੀ ਨੂੰ ਕੁਚਲ ਦਿੱਤਾ। ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਸੀ ਕਿ ਸੱਤ-ਅੱਠ ਮਹੀਨੇ ਅੰਦਰ ਨਿਆਂ ਮਿਲ ਜਾਵੇਗਾ ਪਰ ਇਸ ਵਿੱਚ 17 ਮਹੀਨੇ ਲਗ ਗਏ ਪਰ ਜਿੱਤ ਅਖੀਰ ਸੱਚ ਦੀ ਹੀ ਹੋਈ। ਵਿਨੇਸ਼ ਫੋਗਾਟ ਮਾਮਲੇ ’ਚ ਮਹਿਲਾ ਪਹਿਲਵਾਨ ਦਾ ਨਾਂ ਲਏ ਬਿਨਾਂ ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਇਸ ਦੇ ਨੇਤਾ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ ਅਤੇ ਲੋਕਾਂ ਨੇ ਦੇਖਿਆ ਕਿ ਓਲਪਿੰਕਸ ’ਚ ਕੀ ਹੋਇਆ। -ਪੀਟੀਆਈ
ਹਨੂੰਮਾਨ ਮੰਦਰ ਤੇ ਰਾਜਘਾਟ ਪੁੱਜੇ ਸਿਸੋਦੀਆ
ਆਪ ਆਗੂ ਮਨੀਸ਼ ਸਿਸੋਦੀਆ ਨੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਇੱਕ ਦਿਨ ਬਾਅਦ ਅੱਜ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ ’ਚ ਪੂਜਾ ਕੀਤੀ। ਇਸ ਦੌਰਾਨ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ, ਕੈਬਨਿਟ ਮੰਤਰੀ ਆਤਿਸ਼ੀ, ਸੌਰਭ ਭਾਰਦਵਾਜ ਅਤੇ ਪਾਰਟੀ ਦੇ ਕਈ ਹੋਰ ਆਗੂ ਵੀ ਉਨ੍ਹਾਂ ਨਾਲ ਸਨ।